ਅੰਮ੍ਰਿਤਸਰ : 2021 ਵਿੱਚ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ ਜ਼ਬਤ ਕੀਤੀ ਗਈ 2,988 ਕਿੱਲੋਗਰਾਮ ਹੈਰੋਇਨ ਮਾਮਲੇ ਦਾ ਮੁੱਖ ਮੁਲਜ਼ਮ ਫ਼ਰਾਰ ਹੋ ਗਿਆ ਹੈ। ਤਰਨਤਾਰਨ ਨਿਵਾਸੀ ਮੁੱਖ ਮੁਲਜ਼ਮ ਜੋਬਨਜੀਤ ਸਿੰਘ ਸੰਧੂ ਪੰਜਾਬ ਵਿੱਚ ਗੁਜਰਾਤ ਪੁਲਿਸ ਦੀ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ। ਗੁਜਰਾਤ ਪੁਲਿਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਥਾਣੇ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ 4 ਲੋਕਾਂ ਨੂੰ ਹਿਰਾਸਤ ਵਿੱਚ ਵੀ ਲੈ ਚੁੱਕੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੱਛ (ਪੱਛਮੀ) ਦੇ ਐਸਪੀ ਮਹਿੰਦਰ ਬਗੜੀਆ ਨੇ ਦੱਸਿਆ ਕਿ ਜੋਬਨਜੀਤ ਸਿੰਘ ਨੂੰ ਕੱਛ ਦੀ ਭੁਜ ਜੇਲ੍ਹ ਤੋਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਇੱਕ ਹੋਰ ਕੇਸ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਸੀ। ਮੁਲਜ਼ਮ ਸ਼ਨੀਵਾਰ ਨੂੰ ਭੱਜਣ ‘ਚ ਕਾਮਯਾਬ ਹੋ ਗਿਆ।
ਉਸ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਉਸ ਨੂੰ ਅੰਮ੍ਰਿਤਸਰ ਪੇਸ਼ੀ ਤੋਂ ਬਾਅਦ ਵਾਪਸ ਲੈ ਕੇ ਜਾ ਰਹੇ ਸਨ। ਜੋਬਨਜੀਤ ਸਿੰਘ ਦੇ ਨਾਲ ਗੁਜਰਾਤ ਪੁਲਿਸ ਦੇ ਮੁਲਾਜ਼ਮ ਵੀ ਸਨ। ਖਾਣਾ ਖਾਣ ਲਈ ਉਹ ਅੰਮ੍ਰਿਤਸਰ ਦੇ ਜੰਡਿਆਲਾ ਨੇੜੇ ਪਿੰਡ ਬੰਡਾਲਾ ਵਿੱਚ ਇੱਕ ਢਾਬੇ ’ਤੇ ਰੁਕਿਆ। ਇਸ ਦੌਰਾਨ ਮੁਲਜ਼ਮ ਗੁਜਰਾਤ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਅੰਮ੍ਰਿਤਸਰ ਸਤਿੰਦਰ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਹੁਣ ਤੱਕ 4 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਸਤੰਬਰ 2021 ਵਿੱਚ ਕੱਛ ਦੇ ਮੁੰਦਰਾ ਬੰਦਰਗਾਹ ‘ਤੇ ਕੰਟੇਨਰਾਂ ਤੋਂ ਲਗਭਗ 21,000 ਕਰੋੜ ਰੁਪਏ ਦੀ 2,988 ਕਿੱਲੋਗਰਾਮ ਹੈਰੋਇਨ ਜ਼ਬਤ ਕੀਤੀ ਸੀ। ਇਹ ਖੇਪ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਰਜਿਸਟਰਡ ਇੱਕ ਵਪਾਰਕ ਕੰਪਨੀ ਦੁਆਰਾ ਅਰਧ-ਪ੍ਰੋਸੈਸਡ ਟਾਕ ਸਟੋਨ ਦੇ ਰੂਪ ਵਿੱਚ ਆਯਾਤ ਕੀਤਾ ਗਿਆ ਸੀ। ਇਹ ਡਰੱਗ ਅਫ਼ਗ਼ਾਨ ਮੂਲ ਦੀ ਦੱਸੀ ਜਾਂਦੀ ਹੈ ਅਤੇ ਇਰਾਨ ਦੇ ਬੰਦਰ ਅੱਬਾਸ ਬੰਦਰਗਾਹ ਤੋਂ ਮੁੰਦਰਾ ਬੰਦਰਗਾਹ ਲਈ ਭੇਜੀ ਗਈ ਸੀ।
ਡੀਆਰਆਈ ਨੇ ਗੁਜਰਾਤ ਦੇ ਅਹਿਮਦਾਬਾਦ, ਦਿੱਲੀ, ਚੇਨਈ, ਗਾਂਧੀਧਾਮ ਅਤੇ ਮਾਂਡਵੀ ਵਿੱਚ ਤਲਾਸ਼ੀ ਲਈ ਅਤੇ ਆਸ਼ੀ ਟਰੇਡਿੰਗ ਕੰਪਨੀ ਦੇ ਮਾਲਕ ਐਮ ਸੁਧਾਕਰ ਅਤੇ ਉਸਦੀ ਪਤਨੀ ਜੀ ਦੁਰਗਾ ਪੂਰਨ ਵੈਸ਼ਾਲੀ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਬਾਅਦ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ। ਐਨਆਈਏ ਨੇ ਇਸ ਮਾਮਲੇ ਦੀ ਚਾਰਜਸ਼ੀਟ ਵਿੱਚ 42 ਵਿਅਕਤੀਆਂ ਅਤੇ 7 ਫਰਮਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਿਸ ਵਿੱਚ ਜੋਬਨਜੀਤ ਸਿੰਘ ਸੰਧੂ ਅਹਿਮ ਮੁਲਜ਼ਮ ਸਨ।