ਬਿਊਰੋ ਰਿਪੋਰਟ (ਲੁਧਿਆਣਾ, 11 ਸਤੰਬਰ 2025): ਲੁਧਿਆਣਾ ਦੇ ਮਾਛੀਵਾਡਾ ਸਾਹਿਬ ਵਿਖੇ ਕਾਰ ਸੇਵਾ ਗੁਰਦੁਆਰਾ ਸਾਹਿਬ ਵਿੱਚ ਏਸੀ ਕੰਪਰੈੱਸਰ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ। ਇਸ ਦੌਰਾਨ ਸਚਖੰਡ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ ਅੱਗ ਦੀ ਭੇਟ ਹੋ ਗਏ, ਜਦਕਿ ਇਕ ਨੂੰ ਬਚਾ ਲਿਆ ਗਿਆ।
ਚਸ਼ਮਦੀਦਾਂ ਦੇ ਅਨੁਸਾਰ, ਕੰਪਰੈੱਸਰ ਫਟਣ ਨਾਲ ਸਚਖੰਡ ਸਾਹਿਬ ਦੇ ਚੰਦੋਆ ਸਾਹਿਬ ਵਿੱਚ ਅੱਗ ਲੱਗੀ, ਜੋ ਹੌਲੀ-ਹੌਲੀ ਹੇਠਾਂ ਤਕ ਫੈਲ ਗਈ। ਇਸ ਦੁਖਦਾਈ ਘਟਨਾ ਨਾਲ ਸੰਗਤ ਵਿੱਚ ਗਹਿਰੇ ਸੋਗ ਦੀ ਲਹਿਰ ਹੈ।
ਘਟਨਾ ਤੋਂ ਬਾਅਦ ਸ਼੍ਰੀ ਆਨੰਦਪੁਰ ਸਾਹਿਬ ਸਥਿਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਸੰਗਤ ਨਾਲ ਮਿਲ ਕੇ ਮੂਲ ਮੰਤਰ ਦਾ ਜਾਪ ਕੀਤਾ। ਅੱਗ ਦੀ ਭੇਟ ਹੋਏ ਸਰੂਪਾਂ ਨੂੰ ਪਰੰਪਰਾ ਅਨੁਸਾਰ ਸ਼੍ਰੀ ਗੋਇੰਦਵਾਲ ਸਾਹਿਬ ਭੇਜਿਆ ਗਿਆ। ਸਿੰਘ ਸਾਹਿਬਾਨ ਨੇ ਕਿਹਾ ਕਿ ਇਸ ਮਾਮਲੇ ਦੀ ਰਿਪੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ।
ਸਿੰਘ ਸਾਹਿਬਾਨ ਨੇ ਗੁਰਦੁਆਰਾ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਏਸੀ ਦੀ ਵਰਤੋਂ ਸਿਰਫ਼ ਜ਼ਿੰਮੇਵਾਰ ਵਿਅਕਤੀ ਦੀ ਮੌਜੂਦਗੀ ਵਿੱਚ ਹੀ ਕੀਤੀ ਜਾਵੇ। ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਇਸ ਦੌਰਾਨ ਦਰਬਾਰ ਸਾਹਿਬ ਹਾਲ ਵਿੱਚ ਪਾਠ ਕਰ ਰਹੇ ਬਜ਼ੁਰਗ ਬਲਬੀਰ ਸਿੰਘ ਨੇ ਹਿੰਮਤ ਦਿਖਾਉਂਦੇ ਹੋਏ ਇਕ ਸਰੂਪ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ।