The Khalas Tv Blog Punjab ਭਗਵੰਤ ਮਾਨ ਸੀ.ਐੱਮ. ਜਾਂ ਕੋਈ ਵੀ ਨਹੀਂ, ‘ਆਪ’ ਵਰਕਰਾਂ ਦੀ ਕੇਜਰੀਵਾਲ ਨੂੰ ਦੋ-ਟੁੱਕ
Punjab

ਭਗਵੰਤ ਮਾਨ ਸੀ.ਐੱਮ. ਜਾਂ ਕੋਈ ਵੀ ਨਹੀਂ, ‘ਆਪ’ ਵਰਕਰਾਂ ਦੀ ਕੇਜਰੀਵਾਲ ਨੂੰ ਦੋ-ਟੁੱਕ

‘ਦ ਖ਼ਾਲਸ ਬਿਊਰੋ :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਪਹੁੰਚ ਰਹੇ ਹਨ। ਦੌਰੇ ਦਾ ਮੁੱਖ ਕਾਰਨ ਗੁਰਦਾਸਪੁਰ ਦੇ ਪਿੰਡ ਸੇਖਵਾਂ ਵਿੱਚ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਮਿਲਣੀ ਹੈ। ਚਰਚਾ ਕਾਫ਼ੀ ਗਰਮ ਹੈ ਕਿ ਸੇਵਾ ਸਿੰਘ ਸੇਖਵਾਂ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਕਰਕੇ ਪੰਜਾਬ ਵਿੱਚ ਸੀਐੱਮ ਚਿਹਰਾ ਬਣਾਇਆ ਜਾ ਸਕਦਾ ਹੈ।

ਇਸ ਮੁਲਾਕਾਤ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ‘ਚ ਸੀਐੱਮ ਦੇ ਚਿਹਰੇ ਨੂੰ ਲੈ ਕੇ ਅਦਰੂਨੀ ਖਾਨਾਜੰਗੀ ਦੇ ਪੂਰੇ ਸੰਕੇਤ ਮਿਲ ਗਏ ਹਨ। ਬਠਿੰਡਾ ਦੇ ਮੌੜ ‘ਚ ਪਿੰਡ ਢੱਡੇ ਦੀਆਂ ਤਸਵੀਰਾਂ ਦੱਸਦੀਆਂ ਹਨ ਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਆਪ ਵਰਕਰਾਂ ਵਿੱਚ ਫ਼ਿਕਰ ਪੈ ਗਈ ਹੈ। ਇੱਕ ਪਾਸੇ ਅੱਜ ਕੇਜਰੀਵਾਲ ਗੁਰਦਾਸਪੁਰ ਪਹੁੰਚ ਰਹੇ ਹਨ ਪਰ ਢੱਡਿਆਂ ਦੇ ਵਾਸੀ ਭਗਵੰਤ ਮਾਨ ਦੇ ਹੱਕ ਵਿੱਚ ਇਕੱਠੇ ਹੋ ਗਏ ਹਨ।

ਇਨ੍ਹਾਂ ਨੇ ਸਿੱਧਾ ਤੇ ਸਪੱਸ਼ਟ ਸੁਨੇਹਾ ਕੇਜਰੀਵਾਲ ਨੂੰ ਘੱਲ ਦਿੱਤਾ ਹੈ ਕਿ ਜੇ ਭਗਵੰਤ ਮਾਨ ਸੀਐੱਮ ਦਾ ਚਿਹਰਾ ਹੋਣਗੇ ਤਾਂ ਸਾਰੇ ਵਰਕਰ ਨਾਲ ਹਨ ਤੇ ਸਰਕਾਰ ਵੀ ਪੱਕੀ ਹੈ ਤੇ ਜੇ ਚਿਹਰਾ ਕੋਈ ਹੋਰ ਹੋਇਆ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਭੁੱਲ ਜਾਉ। ਪਿੰਡਵਾਸੀਆਂ ਨੇ ਕੇਜਰੀਵਾਲ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਸੀਐੱਮ ਚਿਹਰਾ ਐਲਾਨਣ ਲਈ ਵੀ ਕਿਹਾ ਹੈ। ਢੱਡੇ ਪਿੰਡ ਦੇ ਵਾਸੀਆਂ ਨੇ ਪੂਰੇ ਪੰਜਾਬ ਦੇ ਆਪ ਵਲੰਟੀਅਰਾਂ ਨੂੰ ਵੀ ਮਾਨ ਦੇ ਹੱਕ ਵਿੱਚ ਇਕੱਠੇ ਹੋਣ ਦਾ ਅਤੇ ਮੀਟਿੰਗਾਂ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਅਰਵਿੰਦ ਕੇਜਰੀਵਾਲ ਤੇ ਦਬਾਅ ਬਣਾਇਆ ਜਾ ਸਕੇ। ਸਾਡੇ ਸੂਤਰ ਦੱਸਦੇ ਹਨ ਕਿ ਸੀਐੱਮ ਦੇ ਚਿਹਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਰਕਰ ਦੋ-ਫ਼ਾੜ ਹੋ ਵੀ ਚੁੱਕੇ ਹਨ ਤੇ ਕੇਜਰੀਵਾਲ ਦੀ ਫੇਰੀ ਦੌਰਾਨ ਅੱਜ ਦੋਵੇਂ ਧੜਿਆ ਦੇ ਵੱਲੋਂ ਅੰਮ੍ਰਿਤਸਰ ਜਾਂ ਗੁਰਦਾਸਪੁਰ ਵਿੱਚ ਰੋਸ ਮੁਜ਼ਾਹਰਾ ਵੀ ਕੀਤਾ ਜਾ ਸਕਦਾ ਹੈ।

Exit mobile version