‘ਦ ਖਾਲਸ ਬਿਊਰੋ:ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਚੰਡੀਗੜ੍ਹ ਵਿੱਚ ਬੇਅਦਬੀ ਮਾਮਲੇ ਵਿੱਚ ਐਸਆਈਟੀ ਦੀ ਰਿਪੋਰਟ ‘ਤੇ ਬੋਲਦਿਆਂ ਕਈ ਗੱਲਾਂ ਸਾਹਮਣੇ ਰੱਖੀਆਂ ਹਨ।ਉਹਨਾਂ ਕਿਹਾ ਹੈ ਕਿ 2015 ‘ਚ ਹੋਈ ਬੇਅਦਬੀ ‘ਤੇ ਕੋਟਕਪੁਰਾ,ਬਹਿਬਲ ਕਲਾਂ ਵਿੱਚ ਹੋਈਆਂ ਪੁਲਿਸ ਵਧੀਕੀਆਂ ਤੇ ਸਮੇਂ ਦੀਆਂ ਸਰਕਾਰਾਂ ਨੇ ਸਿਰਫ ਰਾਜਸੀ ਰੋਟੀਆਂ ਸੇਕੀਆਂ ਹਨ।ਕੈਪਟਨ ਸਰਕਾਰ ਦੇ 2017 ਵਿੱਚ ਸੱਤਾ ‘ਚ ਆਉਣ ਤੋਂ ਬਾਅਦ ਵੀ ਇਸ ਮਾਮਲੇ ‘ਚ ਕੋਈ ਵੀ ਇਨਸਾਫ ਨਹੀਂ ਦਿੱਤਾ ਗਿਆ,ਸਗੋਂ ਸਿਰਫ ਦੋਸ਼ੀਆਂ ਨੂੰ ਬਚਾਇਆ ਗਿਆ ਹੈ।ਹਾਲ ਵਿੱਚ ਹੀ ਸੁਮੇਧ ਸੈਣੀ ਤੇ ਹੋਰ ਪੁਲਿਸ ਅਧਿਕਾਰੀਆਂ ਦੀ ਕੇਸ ਰੱਦ ਕਰਨ ਬਾਰੇ ਪਾਈ ਗਈ ਪਟੀਸ਼ਨ ਅਦਾਲਤ ਨੇ ਰੱਦ ਕੀਤੀ ਹੈ ।ਜਦੋਂ ਕਿ ਕਾਂਗਰਸ ਸਰਕਾਰ ਦੇ ਵਕਤ ਇਹਨਾਂ ਨੂੰ ਰਾਹਤ ਦਿੱਤੀ ਗਈ ਸੀ।ਸਾਡੀ ਸਰਕਾਰ ਨੇ ਇਹ ਕੰਮ ਕੀਤਾ ਹੈ ਕਿਉਂਕਿ ਸਾਡੀ ਨੀਅਤ ਸਾਫ ਸੀ।ਅੰਦਰਖਾਤੇ ਇਹ ਸਾਰੀਆਂ ਪਾਰਟੀਆਂ ਰਲੀਆਂ ਹੋਈਆਂ ਸੀ ਤੇ ਇਸੇ ਕਰਕੇ ਬੇਅਦਬੀ ਨਾਲ ਜੁੜੇ ਕਿਸੇ ਵੀ ਮਾਮਲੇ ‘ਤੇ ਹਾਲੇ ਤੱਕ ਇਨਸਾਫ ਨਹੀਂ ਹੋਇਆ ਹੈ।ਨਤੀਜਾ ਇਹ ਹੋਇਆ ਕਿ ਅਕਾਲੀ ਦਲ ਤੇ ਕਾਂਗਰਸ ਹੁਣ ਸੱਤਾ ਤੋਂ ਬਾਹਰ ਹਨ।ਇਸ ਮਾਮਲੇ ‘ਚ ਆਪ ਸਰਕਾਰ ਨੇ ਆਪਣੀ ਬਣਦੀ ਭੂਮਿਕਾ ਨਿਭਾਈ ਹੈ ਕਿਉਂਕਿ ਆਪ ਦਾ ਇਹ ਮੰਨਣਾ ਹੈ ਕਿ ਇਸ ਤਰੀਕੇ ਦੇ ਵਿਸ਼ੇ ਆਮ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਹਨ ਤੇ ਇਨਸਾਫ ਜਰੂਰੀ ਹੈ।ਆਪ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਨਹੀਂ ਵਰਤੇਗੀ ਤੇ ਹਰ ਦੋਸ਼ੀ ਨੂੰ ਸਖਤ ਸਜ਼ਾ ਮਿਲੇਗੀ।ਸਾਡੀ ਸਰਕਾਰ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰੇਗੀ ਤੇ ਇਨਸਾਫ ਜਰੂਰ ਹੋਵੇਗਾ।
ਬਾਦਲਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਦੇ ਸਵਾਲ ਤੇ ਕੰਗ ਨੇ ਕਿਹਾ ਕਿ ਅਕਾਲੀ ਦਲ ਵਾਲੇ ਖੁੱਦ ਨੂੰ ਆਪੇ ਹੀ ਕਲੀਨ ਚਿੱਟ ਦੇ ਰਹੇ ਨੇ, ਜਦੋਂ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ 2021 ‘ਚ ਬਣੀ ਐਸਪੀਐਸ ਪਰਮਾਰ ਵਾਲੀ ਐਸਆਈਟੀ ਦੀ ਜਾਂਚ ਰਿਪੋਰਟ ਸਿਰਫ ਬੁਰਜ ਜਵਾਹਰ ਸਿੰਘ ਤੋਂ ਸਰੂਪ ਚੋਰੀ ਹੋਣ,ਕੰਧਾਂ ‘ਤੇ ਪੋਸਟਰ ਲਗਵਾਉਣ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਚ ਖਿਲਾਰਨ ਬਾਰੇ ਸੀ,ਇਸ ਵਿੱਚ ਕਿਸੇ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ।ਹਾਲਾਂਕਿ ਬਾਕੀ ਮਾਮਲਿਆਂ ਦੇ ਵਿੱਚ ਹਾਲੇ ਰਿਪੋਰਟ ਆਉਣੀ ਬਾਕੀ ਹੈ।