The Khalas Tv Blog Punjab ਖਹਿਰਾ ਝੂਠ ਬੋਲਣ ਲਈ ਵਰਤਦੇ ਹਨ ਅੰਗਰੇਜ਼ੀ ਭਾਸ਼ਾ
Punjab

ਖਹਿਰਾ ਝੂਠ ਬੋਲਣ ਲਈ ਵਰਤਦੇ ਹਨ ਅੰਗਰੇਜ਼ੀ ਭਾਸ਼ਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਫਿਰ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਦਿੱਲੀ ਵਿੱਚ ਚੱਲ ਰਹੀਆਂ ਮੀਟਿੰਗਾਂ ‘ਤੇ ਨਿਸ਼ਾਨਾ ਕੱਸਿਆ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਕੱਲ੍ਹ ਕੈਬਨਿਟ ਵਿੱਚ ਜੋ ਮੀਟਿੰਗ ਸੀ, ਜਿਸ ਵਿੱਚ 32 ਮਤੇ ਪਾਸ ਕਰਾਉਣੇ ਸੀ, ਪਰ ਸਿਰਫ ਦੋ ਮਤੇ ਹੀ ਪਾਸ ਹੋਏ। 30 ਮਤੇ ਇਸ ਲਈ ਛੱਡ ਦਿੱਤੇ ਗਏ ਕਿਉਂਕਿ ਕੱਲ੍ਹ ਕੈਬਨਿਟ ਮੀਟਿੰਗ ਵਿੱਚ ਮੰਤਰਾਲੇ (Ministry) ਦੀ ਗਿਣਤੀ (Strength) ਪੂਰੀ ਨਹੀਂ ਹੈ। ਅੱਧੀ ਤੋਂ ਜ਼ਿਆਦਾ ਕੈਬਨਿਟ ਦਿੱਲੀ ਬੈਠੀ ਹੈ। ਪੰਜਾਬ ਸਰਕਾਰ ਦਿੱਲੀ ਬੈਠੀ ਹੈ ਅਤੇ ਅੱਜ ਕੈਪਟਨ ਵੀ ਹੈਲੀਕਾਪਟਰ ਦੇ ਰਾਹੀਂ ਦਿੱਲੀ ਚਲੇ ਗਏ ਹਨ। ਪੰਜਾਬ ਹੁਣ ਕਿਸਮਤ ਦੇ ਸਹਾਰੇ ‘ਤੇ ਛੱਡਿਆ ਹੋਇਆ ਹੈ। ਪੰਜਾਬ ਹੁਣ ਲਾਵਾਰਿਸ ਹੈ, ਕਿਉਂਕਿ ਵੈਕਸੀਨੇਸ਼ਨ ਨਹੀਂ ਹੈ, ਪਰ ਪੰਜਾਬ ਦੇ ਲੀਡਰ ਆਪਣੀਆਂ ਕੁਰਸੀਆਂ ਬਚਾ ਰਹੇ ਹਨ ਅਤੇ ਕੋਈ ਨਵੀਂ ਕੁਰਸੀ ਲੱਭ ਰਿਹਾ ਹੈ।

ਕੈਪਟਨ ਸਰਕਾਰ ਨੇ ਦੋ ਵਿਧਾਇਕਾਂ ਦੇ ਬੇਟਿਆਂ ਨੂੰ ਦਿੱਤੀ ਨੌਕਰੀ

ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਮਜ਼ਾਕ ਬਣਾਇਆ ਗਿਆ ਹੈ। ਸਰਕਾਰ ਨੇ ਉਨ੍ਹਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲੀ ਗੱਲ ਕੀਤੀ ਹੈ। ਸਰਕਾਰ ਨੇ ਡਿਗਰੀ ਹੋਲਡਰ, ਪੜ੍ਹੇ-ਲਿਖੇ ਨੌਜਵਾਨਾਂ ਨੂੰ ਛੱਡ ਕੇ ਦੋ ਵਿਧਾਇਕਾਂ ਦੇ ਬੇਟਿਆਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਇੱਕ ਨੂੰ ਡੀਐੱਸਪੀ ਬਣਾਇਆ ਜਾ ਰਿਹਾ ਹੈ ਅਤੇ ਇੱਕ ਤਹਿਸੀਲਦਾਰ ਬਣਾਇਆ ਜਾ ਰਿਹਾ ਹੈ। ਕੈਪਟਨ ਸਰਕਾਰ ਨੇ ਘਰ-ਘਰ ਨੌਕਰੀ ਦਾ ਵਾਅਦਾ ਕਰਕੇ ਹੁਣ ਤੱਕ ਸਿਰਫ ਤਿੰਨ ਲੋਕਾਂ ਨੂੰ ਨੌਕਰੀ ਦਿੱਤੀ ਹੈ। ਜੋ ਨੌਜਵਾਨ ਨੌਕਰੀਆਂ ਨਾ ਹੋਣ ਕਰਕੇ ਪਾਣੀ ਦੀਆਂ ਟੈਂਕੀਆਂ ‘ਤੇ ਚੜ੍ਹ ਕੇ ਬੈਠੇ ਹਨ, ਜੋ ਬੇਰੁਜ਼ਗਾਰ ਨੌਜਵਾਨ ਭਾਖੜਾ ਨਹਿਰ ਵਿੱਚ ਛਾਲਾਂ ਮਾਰ ਰਹੇ ਹਨ, ਉਨ੍ਹਾਂ ਦਾ ਵਾਲੀ-ਵਾਰਸ ਕੌਣ ਹੈ। ਸਰਕਾਰ ਆਪਣਿਆਂ ਨੂੰ ਨੌਕਰੀਆਂ ਵੰਡ ਰਹੀ ਹੈ। ਪੰਜਾਬ ਸਰਕਾਰ ਬਿਲਕੁਲ ਹਾਸ਼ੀਏ ‘ਤੇ ਹੈ। ਸੁਰਜੀਤ ਧੀਮਾਨ ਨੇ ਵੀ ਕਿਹਾ ਹੈ ਕਿ ਜੇ ਸਰਕਾਰ ਕੰਮ ਨਹੀਂ ਕਰ ਰਹੀ ਤਾਂ ਮੁਖੀ ਬਦਲ ਦਿਉ। ਕਾਂਗਰਸ ਪੰਜਾਬ ਵਿੱਚ ਕਦੇ ਦੁਬਾਰਾ ਜਿਊਂਦੀ ਨਹੀਂ ਹੋ ਸਕਦੀ।

ਖਹਿਰਾ ਤੇ ਕੱਸਿਆ ਤਿੱਖਾ ਨਿਸ਼ਾਨਾ

ਭਗਵੰਤ ਮਾਨ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਉਨ੍ਹਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਖਹਿਰਾ ਇੱਕ ਚੋਣ ਨਿਸ਼ਾਨ ਤੋਂ ਵਿਧਾਇਕ ਹਨ, ਇੱਕ ਚੋਣ ਨਿਸ਼ਾਨ ਤੋਂ ਬਠਿੰਡਾ ਵਿੱਚ ਦੋ ਸਾਲ ਪਹਿਲਾਂ ਸੰਸਦ ਮੈਂਬਰ ਦੀ ਚੋਣ ਲੜੀ ਅਤੇ ਹੁਣ ਇੱਕ ਹੋਰ ਚੋਣ ਨਿਸ਼ਾਨ ਵੱਲ ਨੂੰ ਚਲੇ ਗਏ। ਮੈਂ ਖਹਿਰਾ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ 1984 ਸਿੱਖ ਕਤਲੇਆਮ ਦੀ ਅਕਸਰ ਗੱਲ ਕਰਦੇ ਰਹਿੰਦੇ ਹੋ, ਘੱਟੋ-ਘੱਟ ਦਿਨ ਤਾਂ ਕੋਈ ਇੱਧਰ-ਉੱਧਰ ਕਰ ਲਿਆ ਕਰੋ। ਪਰਮਜੀਤ ਕੌਰ ਖਾਲੜਾ, ਜਿਨ੍ਹਾਂ ਨੂੰ ਇਨ੍ਹਾਂ ਨੇ ਖਡੂਰ ਸਾਹਿਬ ਤੋਂ ਟਿਕਟ ਲੜਾਈ ਸੀ, ਉਨ੍ਹਾਂ ਦੇ ਦਿਲ ‘ਤੇ ਕੀ ਬੀਤੇਗੀ ਕਿ ਉਨ੍ਹਾਂ ਦੇ ਪਤੀ ਦੇ ਕਾਤਲਾਂ ਦੇ ਨਾਲ ਤੁਸੀਂ ਹੱਥ ਮਿਲਾ ਲਿਆ। ਪਹਿਲਾਂ ਤਾਂ ਖਹਿਰਾ ਵਿਧਾਇਕ ਹੁੰਦਿਆਂ ਕਾਂਗਰਸ ਦੇ ਖਿਲਾਫ ਬੜੇ ਹਮਲੇ ਕਰਦੇ ਸੀ, ਕੀ ਹੁਣ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਐਕਸਾਈਜ਼ ਮਾਫੀਆ ਠੀਕ ਹੋ ਗਿਆ ਹੈ। ਅਸੀਂ ਸਪੀਕਰ ਨੂੰ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਨ ਲਈ ਲਿਖਿਆ ਹੋਇਆ ਹੈ। ਖਹਿਰਾ ਨੇ ਜਦੋਂ ਵੀ ਝੂਠ ਬੋਲਣਾ ਹੁੰਦਾ ਤਾਂ ਉਹ ਅੰਗਰੇਜ਼ੀ ਵਿੱਚ ਝੂਠ ਬੋਲਦਾ ਤਾਂ ਜੋ ਘੱਟ ਲੋਕਾਂ ਨੂੰ ਸਮਝ ਆਵੇ।

ਅਸੀਂ ਹਰੇਕ ਵਰਗ ਦੇ ਲੋਕਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਦੇ ਮੌਕਾਪ੍ਰਸਤ ਲੋਕਾਂ ਨੇ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ ਤਾਂ ਲੋਕ ਹੀ ਉਨ੍ਹਾਂ ਨੂੰ ਸਜ਼ਾ ਦੇਣਗੇ।

Exit mobile version