The Khalas Tv Blog Punjab ਭਗਵੰਤ ਸਿੰਹੁ ਫੁੱਫੜ ਫਿਰੇ ਰੁੱਸਿਆ … ‘ਆਪ’ ਨੂੰ ਤਾਂ ਕੰਮ ਦਾ ਬੰਦਾ ਚਾਹੀਦਾ
Punjab

ਭਗਵੰਤ ਸਿੰਹੁ ਫੁੱਫੜ ਫਿਰੇ ਰੁੱਸਿਆ … ‘ਆਪ’ ਨੂੰ ਤਾਂ ਕੰਮ ਦਾ ਬੰਦਾ ਚਾਹੀਦਾ

ਦ ਖ਼ਾਲਸ ਬਿਊਰੋ (ਬਨਵੈਤ/ਪੁਨੀਤ ਕੌਰ) :- ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਗੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਗਭਗ ਇਹ ਫੈਸਲਾ ਲੈ ਲਿਆ ਹੈ। ਉਨ੍ਹਾਂ ਵੱਲੋਂ ਪਿਛਲੇ ਸਮੇਂ ਤੋਂ ਅਜਿਹੇ ਸੰਕੇਤ ਵੀ ਦਿੱਤੇ ਜਾਣ ਲੱਗੇ ਹਨ। ਉਨ੍ਹਾਂ ਨੇ ਪੰਜਾਬ ਵਿੱਚ ਕੋਈ ਵੱਡਾ ਚਿਹਰਾ ਲੱਭਣਾ ਸ਼ੁਰੂ ਕਰ ਦਿੱਤਾ ਹੈ, ਜਿਸਨੂੰ ਮੁੱਖ ਮੰਤਰੀ ਦੇ ਤੌਰ ‘ਤੇ ਪੇਸ਼ ਕੀਤਾ ਜਾ ਸਕੇ। ਲੰਘੇ ਕੱਲ੍ਹ ਪਿੰਡ ਸੇਖਵਾਂ ਵਿੱਚ ਹੋਏ ਇੱਕ ਸਮਾਗਮ ਦੌਰਾਨ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਦੇ ਨਾਲ ਜੁੜ ਕੇ ਵੀ ਰੁੱਸੇ ਹੋਏ ਫੁੱਫੜ ਦੀ ਤਰ੍ਹਾਂ ਮੂੰਹ ਪਰ੍ਹੇ ਨੂੰ ਕਰਕੇ ਬੈਠੇ ਰਹੇ। ਸੂਤਰ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੀਡਰ ਵੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਤੌਰ ‘ਤੇ ਪਸੰਦ ਨਹੀਂ ਕਰਦੇ, ਇਸ ਲਈ ਕੇਜਰੀਵਾਲ ਆਪਣੇ ਫੈਸਲੇ ‘ਤੇ ਹੋਰ ਪੱਕੇ ਹੋ ਗਏ ਹਨ।

ਭਗਵੰਤ ਮਾਨ ਦੇਸ਼ ਭਰ ਵਿੱਚੋਂ ਆਮ ਆਦਮੀ ਪਾਰਟੀ ਦੇ ਇਕੱਲੇ ਹੀ ਅਜਿਹੇ ਉਮੀਦਵਾਰ ਸਨ, ਜਿਹੜੇ ਲੋਕ ਸਭਾ ਦੀ ਚੋਣ ਜਿੱਤ ਕੇ ਪਾਰਲੀਮੈਂਟ ਪੁੱਜੇ ਸਨ। ਉਹ ‘ਆਪ’ ਪੰਜਾਬ ਦੇ ਪ੍ਰਧਾਨ ਵੀ ਹਨ, ਫਿਰ ਵੀ ਪਾਰਟੀ ਦੀ ਲੀਡਰਸ਼ਿਪ ਉਨ੍ਹਾਂ ਨਾਲ ਨਰਾਜ਼ ਹੀ ਨਹੀਂ, ਸਗੋਂ ਖ਼ਫ਼ਾ ਨਜ਼ਰ ਆ ਰਹੀ ਹੈ। ਵਿਧਾਨ ਸਭਾ ਚੋਣਾਂ ਵਿੱਚ ਜਦੋਂ ਕੁੱਝ ਸਮਾਂ ਰਹਿ ਗਿਆ ਹੈ ਤਾਂ ਪਾਰਟੀ ਹਾਈਕਮਾਂਡ ਨੂੰ ਭਗਵੰਤ ਮਾਨ ਦੀ ਪੰਜਾਬ ਵਿੱਚੋਂ ਗੈਰ-ਹਾਜ਼ਰੀ ਹੋਰ ਰੜਕਣ ਲੱਗੀ ਹੈ। ਇਸ ਸੂਰਤ ਵਿੱਚ ਪਾਰਟੀ ਕਿਸੇ ਤਰ੍ਹਾਂ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ।

ਉੱਚ-ਭਰੋਸੇਯੋਗ ਸੂਤਰ ਦੱਸਦੇ ਹਨ ਕਿ ‘ਆਪ’ ਦੇ ਸੁਪਰੀਮੋ ਅਤੇ ਕੇਂਦਰੀ ਲੀਡਰਸ਼ਿਪ ਇਸ ਵੇਲੇ ਪੰਜਾਬ ਵਿੱਚ ਵੱਧ ਤੋਂ ਵੱਧ ਸਰਗਰਮੀ ਚਾਹੁੰਦੀ ਹੈ ਤਾਂ ਜੋ ਚੋਣਾਂ ਵਿੱਚ ਲਾਹਾ ਲਿਆ ਜਾ ਸਕੇ। ਪਰ ਭਗਵੰਤ ਮਾਨ ਸਮੇਤ ਪੂਰੀ ਪੰਜਾਬ ਦੀ ਟੀਮ ਢਿੱਲੀ ਚੱਲ ਰਹੀ ਹੈ। ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਜ਼ਿਆਦਾਤਾਰ ਮਾਮਲਿਆਂ ਵਿੱਚ ਦਿੱਲੀ ਤੋਂ ਰਾਘਵ ਚੱਢਾ ਜਾਂ ਜਰਨੈਲ ਸਿੰਘ ਨੂੰ ਆ ਕੇ ਮੋਰਚਾ ਸੰਭਾਲਣਾ ਪੈਂਦਾ ਹੈ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ‘ਆਪ’ ਦੀ ਹਾਈਕਮਾਂਡ ਸਿਰਫ਼ ਭਗਵੰਤ ਮਾਨ ਤੋਂ ਨਹੀਂ, ਸਗੋਂ ਸਮੁੱਚੀ ਟੀਮ ਤੋਂ ਨਿਰਾਸ਼ ਹੈ। ਉਂਝ ਵੀ ‘ਆਪ’ ਪੰਜਾਬ ਨੂੰ ਅਖ਼ਬਾਰੀ ਬਿਆਨਾਂ ਵਾਲੀ ਪਾਰਟੀ ਕਿਹਾ ਜਾਣ ਲੱਗਾ ਹੈ। ਸਰਗਰਮੀਆਂ ਮੱਠੀਆਂ ਹੋਣ ਦੇ ਬਾਵਜੂਦ ‘ਆਪ’ ਪੰਜਾਬ ਵਿੱਚ ਭੀੜ ਤਾਂ ਵੱਧ ਰਹੀ ਹੈ ਪਰ ਕੋਈ ਲੀਡਰ ਨਹੀਂ ਮਿਲ ਰਿਹਾ, ਜਿਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਲਗਾਤਾਰ ਨਰਾਜ਼ ਅਤੇ ਨਿਰਾਸ਼ ਚੱਲੇ ਆ ਰਹੇ ਹਨ।

ਸੋਨੂੰ ਸੂਦ ਦੀ ਭੈਣ ਲੜੇਗੀ ਚੋਣ

ਫਿਲਮੀ ਕਲਾਕਾਰ ਸੋਨੂੰ ਸੂਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰਚਾਰ ਕਰਦੇ ਨਜ਼ਰ ਆਉਣਗੇ ਅਤੇ ਉਨ੍ਹਾਂ ਦੀ ਛੋਟੀ ਭੈਣ ਮਾਲਵਿਕਾ ਸੂਦ ਸੱਚਰ ‘ਆਪ’ ਦੀ ਟਿਕਟ ‘ਤੇ ਚੋਣ ਲੜਨਗੇ। ਅਰਵਿੰਦ ਕੇਜਰੀਵਾਲ ਅਤੇ ਸੋਨੂੰ ਸੂਦ ਦੀ ਮੀਟਿੰਗ ਵਿੱਚ ਲਗਭਗ ਸਹਿਮਤੀ ਬਣ ਚੁੱਕੀ ਹੈ ਅਤੇ ਕਿਸੇ ਵੇਲੇ ਵੀ ਐਲਾਨ ਸੰਭਵ ਹੈ। ਅਰਵਿੰਦ ਕੇਜਰੀਵਾਲ ਸੋਨੂੰ ਸੂਦ ਨੂੰ ਪੰਜਾਬ ਤੋਂ ਚੋਣ ਲੜਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਆਪਣੇ ਲਈ ਹਾਮੀ ਨਹੀਂ ਭਰੀ। ਸੋਨੂੰ ਸੂਦ ਕਿਸ ਪੱਧਰ ਦਾ ਪ੍ਰਚਾਰ ਕਰਨਗੇ ਅਤੇ ਉਨ੍ਹਾਂ ਦੀ ਭੈਣ ਦਾ ਕੀ ਰੋਲ ਹੋਵੇਗਾ, ਇਸ ਬਾਰੇ ਹਾਲੇ ਫ਼ੈਸਲਾ ਆਉਣਾ ਬਾਕੀ ਹੈ।

ਸੰਪਰਕ : 98147-34035

Exit mobile version