ਬਿਊਰੋ ਰਿਪੋਰਟ (2 ਸਤੰਬਰ 2025): ਸਨੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਮੰਗਲਵਾਰ ਸਵੇਰੇ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਏ। ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਕੇ ਆ ਰਹੀ ਸੀ, ਤਦ ਪਠਾਣਮਾਜਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੁਲਿਸ ਕਰਮਚਾਰੀਆਂ ਉੱਤੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ’ਚ ਇੱਕ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ।
ਪਠਾਣਮਾਜਰਾ ਅਤੇ ਉਨ੍ਹਾਂ ਦੇ ਸਾਥੀ ਇੱਕ ਸਕਾਰਪਿਓ ਅਤੇ ਫਾਰਚੂਨਰ ਗੱਡੀ ਰਾਹੀਂ ਫਰਾਰ ਹੋ ਗਏ। ਪੁਲਿਸ ਨੇ ਫਾਰਚੂਨਰ ਕਾਬੂ ਕਰ ਲਈ ਹੈ, ਪਰ ਵਿਧਾਇਕ ਸਕਾਰਪਿਓ ਰਾਹੀਂ ਅਜੇ ਵੀ ਫਰਾਰ ਹਨ, ਜਿਨ੍ਹਾਂ ਦਾ ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਹੈ।
ਗ੍ਰਿਫ਼ਤਾਰੀ ਤੋਂ ਪਹਿਲਾਂ ਪਠਾਣਮਾਜਰਾ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਮੇਰੀ ਪੁਰਾਣੀ ਪਤਨੀ ਨਾਲ ਜੁੜੇ ਕੇਸ ਵਿੱਚ IPC ਦੀ ਧਾਰਾ 376 (ਰੇਪ) ਹੇਠ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੀ AAP ਟੀਮ ਪੰਜਾਬ ’ਚ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
ਦਰਅਸਲ ਪਠਾਣਮਾਜਰਾ ਨੇ ਪਿਛਲੇ ਦਿਨੀਂ ਆਪਣੀ ਹੀ ਸਰਕਾਰ ਵਿਰੁੱਧ ਬਿਆਨ ਦਿੱਤੇ ਹਨ ਜਿਸ ਕਰਕੇ ਉਨ੍ਹਾਂ ਦਾ ਕਹਿਣਾ ਹੈ ਉਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਜਾ ਰਹੀ ਹੈ। ਸਰਕਾਰ ਵਿਰੁੱਧ ਦਿੱਤੇ ਉਨ੍ਹਾਂ ਦੇ ਬਿਆਨ ਮਗਰੋਂ ਉਨ੍ਹਾਂ ਦੀ ਸੁਰੱਖਿਆ ਵੀ ਵਾਪਿਸ ਲੈ ਲਈ ਗਈ ਹੈ।
ਯਾਦ ਰਹੇ ਕਿ 2022 ਵਿੱਚ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਪਠਾਣਮਾਜਰਾ ਉੱਤੇ ਪਹਿਲੀ ਸ਼ਾਦੀ ਛੁਪਾਉਣ ਅਤੇ ਕੁੱਟਮਾਰ ਦੇ ਇਲਜ਼ਮ ਲਗਾਏ ਸਨ। ਇਸ ਤੋਂ ਇਲਾਵਾ, ਇੱਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਉਹ ਚਰਚਾ ’ਚ ਰਹੇ ਸਨ।