ਖੰਨਾ : ‘ਆਮ ਆਦਮੀ ਪਾਰਟੀ’ ਦੇ ਇੱਕ ਆਗੂ ਦਾ ਸੋਮਵਾਰ ਨੂੰ ਕਤਲ ਕਰ ਦਿੱਤਾ ਗਿਆ। ਉਸਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਖੰਨਾ ਨੇੜਲੇ ਪਿੰਡ ਇਕੋਲਾਹਾ ਦੇ ਤਰਲੋਚਨ ਸਿੰਘ ਡੀ.ਸੀ. ਵਜੋਂ ਹੋਈ ਹੈ।
ਤਰਲੋਚਨ ਸਿੰਘ ਉਰਫ਼ ਡੀਸੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਪੁਲੀਸ ਨੇ ਸੀਸੀਟੀਵੀ ਤੋਂ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਫਿਲਹਾਲ ਪੁਲਿਸ ਅਧਿਕਾਰੀ ਇਹ ਪਤਾ ਲਗਾਉਣ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਕਿ ਇਸ ਕਤਲ ਪਿੱਛੇ ਕੀ ਕਾਰਨ ਸੀ ਅਤੇ ਇਸ ਕਤਲ ਕਾਂਡ ਵਿੱਚ ਕਿੰਨੇ ਲੋਕ ਸ਼ਾਮਲ ਹਨ।
ਸੋਮਵਾਰ ਸ਼ਾਮ ਨੂੰ ਜਦੋਂ ਤਰਲੋਚਨ ਆਪਣੇ ਖੇਤ ਤੋਂ ਘਰ ਪਰਤ ਰਿਹਾ ਸੀ ਤਾਂ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ। ਤਰਲੋਚਨ ਖੂਨ ਨਾਲ ਲੱਥਪੱਥ ਹਾਲਤ ਵਿਚ ਪਿੰਡ ਦੀ ਸੜਕ ਕਿਨਾਰੇ ਪਿਆ ਸੀ ਤਾਂ ਉਸ ਦੇ ਲੜਕੇ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਥੇ ਡਾਕਟਰਾਂ ਨੇ ਤਰਲੋਚਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।
ਪਤਾ ਲੱਗਾ ਹੈ ਕਿ ਤਰਲੋਚਨ ਸਿੰਘ ਡੀ.ਸੀ. ਪਹਿਲਾਂ ਵੀ ਸਰਪੰਚੀ ਦੀ ਚੋਣ ਲੜ ਚੁੱਕਾ ਹੈ ਅਤੇ ਇਸ ਵਾਰ ਵੀ ਸਰਪੰਚ ਦੀ ਚੋਣ ਲੜਨ ਦਾ ਚਾਹਵਾਨ ਸੀ। ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਨੇ ਇਸ ਵਾਰ ਤੋਂ ਪੰਚਾਇਤ ਚੋਣਾਂ ਪਾਰਟੀ ਚੋਣ ਨਿਸ਼ਾਨ ’ਤੇ ਲੜਨ ’ਤੇ ਰੋਕ ਲਗਾਉਣ ਸੰਬੰਧੀ ਕਾਨੂੰਨ ਪਾਸ ਕੀਤਾ ਹੈ।
ਕਾਤਲ ਪਹਿਲਾਂ ਹੀ ਰਸਤੇ ਵਿੱਚ ਖੜ੍ਹਾ ਸੀ
ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਦੋਂ ਤਰਲੋਚਨ ਸਿੰਘ ਆਪਣੇ ਖੇਤ ਤੋਂ ਸਕੂਟਰ ’ਤੇ ਘਰ ਵੱਲ ਜਾ ਰਿਹਾ ਸੀ ਤਾਂ ਕਾਤਲ ਪਹਿਲਾਂ ਹੀ ਸੂਆ ਟ੍ਰੈਕ ਕੋਲ ਮੋੜ ’ਤੇ ਖੜ੍ਹਾ ਸੀ। ਜਿਸ ਨੇ ਨੇੜੇ ਆਉਂਦੇ ਹੀ ਤਰਲੋਚਨ ਨੂੰ ਗੋਲੀ ਮਾਰ ਦਿੱਤੀ। ਜਿਸ ਕਾਰਨ ਤਰਲੋਚਨ ਜ਼ਮੀਨ ‘ਤੇ ਡਿੱਗ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਦੋ ਹੋਰ ਗੋਲੀਆਂ ਚਲਾਈਆਂ। ਫਾਇਰਿੰਗ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।
ਲੁਧਿਆਣਾ ਰੇਂਜ ਦੀ ਡੀਆਈਜੀ ਧਨਪ੍ਰੀਤ ਕੌਰ ਸੋਮਵਾਰ ਰਾਤ ‘ਆਪ’ ਆਗੂ ਕਤਲ ਕਾਂਡ ਦਾ ਜਾਇਜ਼ਾ ਲੈਣ ਪੁੱਜੇ। ਉਨ੍ਹਾਂ ਨੇ ਐਸਐਸਪੀ ਅਸ਼ਵਨੀ ਗੋਟਿਆਲ ਨੂੰ ਨਾਲ ਲੈ ਕੇ ਮੌਕੇ ‘ਤੇ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਸਿਵਲ ਹਸਪਤਾਲ ਖੰਨਾ ਨੇ ਵੀ ਆ ਕੇ ਜਾਇਜ਼ਾ ਲਿਆ।
ਇਹ ਵੀ ਪੜ੍ਹੋ – ਹਰਿਆਣਾ ਚੋਣਾਂ ਨੂੰ ਲੈ ਕੇ ਐਕਸ਼ਨ ‘ਚ ਪੰਜਾਬ ਪੁਲਿਸ, ਆਪਰੇਸ਼ਨ ਸੀਲ ਚਲਾ ਕੇ 27 ਲੋਕ ਕੀਤੇ ਗ੍ਰਿਫਤਾਰ, ਨਸ਼ੀਲੇ ਪਦਾਰਥ ਬਰਾਮਦ