The Khalas Tv Blog Punjab ਆਪ ਉਮੀਦਵਾਰ ਰਿੰਕੂ ਦੀ ਸ਼ਾਨਦਾਰ ਜਿੱਤ! ਟੁੱਟ ਗਿਆ ਕਾਂਗਰਸ ਦਾ 24 ਸਾਲ ਪੁਰਾਣਾ ਗੜ੍ਹ !
Punjab

ਆਪ ਉਮੀਦਵਾਰ ਰਿੰਕੂ ਦੀ ਸ਼ਾਨਦਾਰ ਜਿੱਤ! ਟੁੱਟ ਗਿਆ ਕਾਂਗਰਸ ਦਾ 24 ਸਾਲ ਪੁਰਾਣਾ ਗੜ੍ਹ !

AAP candidate Rinku's great victory! 24-year-old stronghold of Congress is broken!

Jalandhar Loksabha By Poll Live Result : ਜਲੰਧਰ ਵਿੱਚ ਕਾਂਗਰਸ ਦਾ 24 ਸਾਲ ਪੁਰਾਣਾ ਗੜ੍ਹ ਤੋੜਨ ਵਿੱਚ ਆਮ ਆਦਮੀ ਪਾਟਰੀ ਕਾਮਯਾਬ ਹੋਈ ਹੈ । ਕਾਂਗਰਸ ਤੋਂ ਆਪ ਵਿੱਚ ਆਏ ਉਮੀਦਵਾਰ ਸੁਸ਼ੀਸ ਕੁਮਾਰ ਰਿੰਕੂ ਨੇ 58691 ਵੋਟਾਂ ਦੇ ਫਰਕ ਦੇ ਨਾਲ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਨੂੰ ਹਰਾਇਆ ਹੈ।

ਕਾਂਗਰਸ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 302097 ਨੂੰ ਕੁੱਲ ਵੋਟਾਂ ਪਈਆਂ ਜਦਕਿ ਦੂਜੇ ਨੰਬਰ ‘ਤੇ ਰਹੀ ਕਰਮਜੀਤ ਕੌਰ ਨੂੰ 243450 ਵੋਟਾਂ ਹਾਸਲ ਹੋਇਆ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲਈ ਜਲੰਧਰ ਦੀ ਜ਼ਿਮਨੀ ਚੋਣ ਵਕਾਰ ਦਾ ਸਵਾਲ ਸੀ,ਕਾਂਗਰਸ ਲਈ ਗੜ੍ਹ ਬਚਾਉਣ ਦੀ ਚੁਣੌਤੀ ਸੀ ਤਾਂ ਆਪ ਲਈ ਸਵਾ ਸਾਲ ਦਾ ਕੰਮ ਦਾਅ ‘ਤੇ ਸੀ ।

ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਲੋਕਾਂ ਨੂੰ ਕਿਹਾ ਸੀ ਕਿ ਇੱਕ ਵਾਰ ਜਿੱਤਾ ਦਿਉ ਜੇਕਰ 1 ਸਾਲ ਵਿੱਚ ਕੰਮ ਕਰਕੇ ਨਹੀਂ ਵਿਖਾਇਆ ਤਾਂ ਮੁੜ ਤੋਂ ਵੋਟ ਮੰਗਣ ਨਹੀਂ ਆਉਣਗੇ,ਇਹ ਜਿੱਤ ਸਾਡਾ ਹੌਸਲਾ ਵਧਾਏਗੀ।  ਜਲੰਧਰ ਦੇ ਲੋਕਾਂ ਨੂੰ ਚਾਰ ਗੁਣਾ ਵੱਧ ਫਾਇਆ ਹੋਵੇਗਾ,ਸਰਕਾਰ ਹਲਕੇ ਦਾ ਵਿਕਾਸ ਕਰੇਗੀ,ਰਿੰਕੂ ਲੋਕਸਭਾ,ਰਾਜਸਭਾ ਐੱਮਪੀ ਹਰਭਜਨ ਸਿੰਘ ਅਤੇ ਸੀਚੇਵਾਲ ਵੀ ਆਪਣਾ ਸਾਰਾ ਫੰਡ ਜਲੰਧਰ ਲਗਾਉਣਗੇ । ਨਤੀਜਿਆਂ ਤੋਂ ਸਾਫ ਹੈ ਕਿ ਜਲੰਧਰ ਦੀ ਜਨਤਾ ਨੇ ਭਗਵੰਤ ਮਾਨ ਦੇ ਵਾਅਦਿਆਂ ‘ਤੇ ਭਰੋਸਾ ਜਤਾਉਂਦੇ ਹੋਏ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੀ ਜਿੱਤ ਦਿਵਾਈ ਹੈ। ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਯਕੀਨ ਦਿਵਾਇਆ ਹੈ ਕਿ ਉਨ੍ਹਾਂ ਦੀ ਸਰਕਾਰ ਅਗਲੇ 11 ਮਹੀਨੇ ਦੇ ਅੰਦਰ ਜਲੰਧਰ ਦੀ ਜਨਤਾ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ ।

ਅਕਾਲੀ ਦਲ ਤੇ BSP ਨੇ ਤੀਜੇ ਨੰਬਰ ਦੀ ਲੜਾਈ ਦਿੱਤੀ

ਜਲੰਧਰ ਦੀ ਜ਼ਿਮਨੀ ਚੋਣ ਅਕਾਲੀ ਦਲ BSP ਗਠਜੋੜ ਅਤੇ ਬੀਜੇਪੀ ਦੇ ਵਿਚਾਲੇ ਤੀਜੇ ਅਤੇ ਚੌਥੇ ਨੰਬਰ ਦੀ ਲੜਾਈ ਬਣ ਕੇ ਰਹਿ ਗਈ । ਹਾਲਾਂਕਿ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸੀ ਤਾਂ ਸ਼ੁਰੂਆਤੀ ਰੁਝਾਨ ਵਿੱਚ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਸੁੱਖੂ ਨੇ ਦੂਜੇ ਨੰਬਰ ‘ਤੇ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਪਰ ਕੁਝ ਹੀ ਮਿੰਟਾਂ ਵਿੱਚ ਪਾਰਟੀ ਚੌਥੇ ਨੰਬਰ ‘ਤੇ ਖਿਸਕ ਗਈ । ਤਕਰੀਬਨ  90 ਫੀਸਦੀ ਵੋਟਾਂ ਦੀ ਗਿਣਤੀ ਤੱਕ ਬੀਜੇਪੀ ਅਕਾਲੀ ਦਲ BSP ਗਠਜੋੜ ਤੋਂ ਅੱਗੇ ਸੀ, ਪਰ ਉਸ ਤੋਂ ਬਾਅਦ ਅਕਾਲੀ ਦਲ ਦੇ ਉਮੀਦਵਾਰ ਨੇ ਲੀਡ ਬਣਾ ਲਈ । ਦੋਵਾਂ ਦੇ ਵਿਚਾਲੇ ਲੀਡ ਦਾ ਫਾਸਲਾ ਹੋਲੀ-ਹੋਲੀ ਵਧ ਕੇ 24 ਹਜ਼ਾਰ ਤੱਕ ਪਹੁੰਚ ਗਿਆ। ਅਕਾਲੀ ਦਲ ਗਠਜੋੜ ਅਤੇ ਬੀਜੇਪੀ ਦੇ ਦੋਵਾਂ ਦੇ ਉਮੀਦਵਾਰਾਂ ਨੇ ਮਿਲਾਕੇ ਪੌਣੇ ਤਿੰਨ ਲੱਖ ਵੋਟਾਂ ਹਾਸਲ ਕੀਤੀਆਂ ਹਨ। ਅਕਾਲੀ ਦੇ ਉਮੀਦਵਾਰ ਸੁਖਵਿੰਦਰ ਸੁੱਖੀ ਨੇ 158354 ਵੋਟਾਂ ਹਾਸਲ ਕੀਤੀਆਂ ਹਨ । ਜਦਕਿ ਬੀਜੇਪੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਨੇ 134706 ਹਾਸਲ ਹੋਏ। ਇਸ ਜਿੱਤ ਤੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਮਾਇਨੇ

ਜਲੰਧਰ ਜ਼ਿਮਨੀ ਚੋਣ ਦੇ ਮਾਇਨੇ ਕੀ ਹਨ ਇਹ ਸਵਾਲ ਹੁਣ ਵੱਡਾ ਹੋ ਗਿਆ ਹੈ । ਆਮ ਆਦਮੀ ਪਾਰਟੀ ਦੇ ਨਜ਼ਰੀਏ ਨਾਲ ਵੇਖਿਆ ਜਾਵੇਂ ਤਾਂ ਅਗਲੇ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਪਾਰਟੀ ਦੇ ਲਈ ਸੰਜੀਵਨੀ ਬਣ ਕੇ ਸਾਹਮਣੇ ਆਈ ਹੈ । ਲਗਾਤਾਰ ਵਿਰੋਧੀ ਜਿਸ ਲਾਅ ਐਂਡ ਆਰਡਰ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਾ ਪਾ ਰਹੇ ਸਨ ਉਹ ਮੁੱਦਾ ਜਲੰਧਰ ਦੇ ਲੋਕਾਂ ਨੇ ਨਕਾਰ ਦਿੱਤਾ । ਹਾਲਾਂਕਿ ਇਹ ਕਹਿਣਾ ਮੁਸ਼ਕਿਲ ਹੋਵੇਗਾ ਕਿ ਜਲੰਧਰ ਦੀ ਜਨਤਾ ਦਾ ਮੂਡ ਪੂਰੇ ਪੰਜਾਬ ਵਿੱਚ ਲਾਗੂ ਹੋਵੇਗਾ ਇਹ ਜਲਦਬਾਜ਼ੀ ਹੈ,ਆਪ ਵੀ ਇਸ ਗੱਲ ਨੂੰ ਜਾਣ ਦੀ ਹੈ ਪਰ ਸੰਗਰੂਰ ਵਰਗਾ ਗੜ੍ਹ ਹਾਰਨ ਤੋਂ ਬਾਅਦ ਕਾਂਗਰਸ ਦਾ ਗੜ੍ਹ ਤੋੜ ਕੇ ਪਾਰਟੀ ਅਤੇ ਖਾਸ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਕੇਜਰੀਵਾਲ ਨੇ ਰਾਹਤ ਦਾ ਸਾਹ ਜ਼ਰੂਰ ਲਿਆ ਹੋਵੇਗਾ।

ਕਿਉਂਕਿ ਮਾਨ ਦੀ ਕੁਰਸੀ ਦਾਅ ‘ਤੇ ਸੀ ਅਤੇ ਕੇਜਰੀਵਾਲ ਦਾ ਪਾਰਟੀ ਨੂੰ ਪੂਰੇ ਦੇਸ਼ ਵਿੱਚ ਲਿਜਾਉਣ ਦਾ ਸੁਪਣਾ ਕਿਧਰੇ ਨਾ ਕਿਧਰੇ ਇਸ ਚੋਣ ਦੇ ਨਤੀਜਿਆਂ ਨਾਲ ਜੁੜਿਆ ਸੀ। ਅਕਤੂਬਰ ਵਿੱਚ ਮੱਧ ਪ੍ਰਦੇਸ਼,ਛੱਤੀਸਗੜ੍ਹ ਅਤੇ ਰਾਜਸਥਾਨ ਵਿਧਾਨਸਭਾ ਚੋਣਾਂ ਵਿੱਚ ਆਪ ਹੁਣ ਮਜ਼ਬੂਤੀ ਨਾਲ ਜਾ ਸਕੇਗੀ । ਉਧਰ ਲੋਕ ਸਭਾ ਤੋਂ ਪਹਿਲਾਂ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਹੋਣੀਆਂ ਹਨ ਆਪ ਮਜ਼ਬੂਤੀ ਨਾਲ ਮੈਦਾਨ ਵਿੱਚ ਉਤਰ ਸਕੇਗੀ ।

ਜਲੰਧਰ ਵਿੱਚ ਨਾਮਜ਼ਦਗੀ ਤੋਂ ਲੈ ਕੇ ਚੋਣ ਪ੍ਰਚਾਰ ਤੱਕ ਕਾਂਗਰਸੀ ਆਗੂਆਂ ਦੇ ਬਾਗ਼ੀ ਤੇਵਰ ਏਕੇ ਦੇ ਰੂਪ ਵਿੱਚ ਨਜ਼ਰ ਆ ਰਹੇ ਸਨ । ਸੂਬਾ ਪਾਰਟੀ ਪ੍ਰਧਾਨ ਰਾਜਾ ਵੜਿੰਗ,ਨਵਜੋਤ ਸਿੰਘ ਸਿੱਧੂ,ਪ੍ਰਤਾਪ ਬਾਜਵਾ ਹੱਥ ਵਿੱਚ ਹੱਥ ਫੜ ਕੇ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਸਨ ਪਰ ਹੁਣ ਇਹ ਤਸਵੀਰ ਕੁਝ ਹੋਰ ਹੋ ਸਕਦੀ ਹੈ।  ਹੁਣ ਕਿਸੇ ਵੀ ਵੇਲੇ ਆਗੂਆਂ ਦੇ ਸੁਰ ਬਦਲ ਸਕਦੇ ਹਨ ਅਤੇ ਇੱਕ ਦੂਜੇ ‘ਤੇ ਉਂਗਲਾਂ ਉੱਠਣੀਆਂ ਸ਼ੁਰੂ ਹੋ ਸਕਦੀਆਂ ਹਨ ।

ਇਹ ਪਾਰਟੀ ਦੇ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ। ਜਲੰਧਰ ਜ਼ਿਮਨੀ ਚੋਣ ਜਿੱਤ ਕੇ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜਿਸ ਮਜ਼ਬੂਤੀ ਨਾਲ ਸਾਹਮਣੇ ਆ ਸਕਦੀ ਸੀ ਹੁਣ ਸ਼ਾਇਦ ਮਨੋਬਲ ਵਿੱਚ ਕਮੀ ਨਜ਼ਰ ਆਵੇਗੀ। ਸਭ ਤੋਂ ਅਹਿਮ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੁਰਸੀ ਵੀ ਖਤਰੇ ਵਿੱਚ ਹੈ, ਸੰਗਰੂਰ ਤੋਂ ਬਾਅਦ ਜਲੰਧਰ ਗੜ੍ਹ ਵੀ ਗਵਾ ਦਿੱਤਾ । ਉਨ੍ਹਾਂ ਦੇ ਪਾਰਟੀ ਪ੍ਰਧਾਨ ਹੁੰਦੇ ਹੋਏ ਪਾਰਟੀ ਦੇ ਦਿੱਗਜ ਆਗੂ ਬੀਜੇਪੀ ਵਿੱਚ ਗਏ । ਨਵਜੋਤ ਸਿੰਘ ਸਿੱਧੂ ਹੁਣ ਇਸੇ ਮੁੱਦੇ ਨੂੰ ਲੈ ਕੇ ਉਨ੍ਹਾਂ ਨੂੰ ਘੇਰ ਸਕਦੇ ਹਨ ਅਤੇ ਪਾਰਟੀ ਹਾਈਕਮਾਨ ਕੋਲ ਆਪਣੀ ਗੱਲ ਰੱਖ ਸਕਦੇ ਹਨ। ਅਜਿਹਾ ਹੋਇਆ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਕਲੇਸ਼ ਪਾਰਟੀ ਦੇ ਲਈ ਨਵੀਂ ਮੁਸੀਬਤ ਲੈ ਕੇ ਆਵੇਗਾ ।

ਜਲੰਧਰ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਭਾਵੇਂ ਤੀਜੇ ਨੰਬਰ ‘ਤੇ ਰਿਹਾ ਹੈ,ਸੁਖਬੀਰ ਸਿੰਘ ਬਾਦਲ ਦੇ ਲਈ ਇਹ ਚੰਗੀ ਗੱਲ ਤਾਂ ਨਹੀਂ ਪਰ ਥੋੜ੍ਹੀ ਰਾਹਤ ਜ਼ਰੂਰ ਹੈ । ਸੰਗਰੂਰ ਵਾਂਗ ਜੇਕਰ ਜਲੰਧਰ ਵਿੱਚ ਵੀ ਉਹ ਚੌਥੇ ਨੰਬਰ ‘ਤੇ ਰਹਿੰਦੇ ਤਾਂ ਸੁਖਬੀਰ ਸਿੰਘ ਬਾਦਲ ਦੇ ਲਈ ਡਬਲ ਮੁਸੀਬਤ ਹੁੰਦੀ । ਹਾਲਾਂਕਿ ਜਲੰਧਰ ਵਿੱਚ ਅਕਾਲੀ ਦਲ ਲਈ BSP ਦਾ ਗਠਜੋੜ ਫਾਇਦੇ ਦਾ ਸੌਦਾ ਸਾਬਿਤ ਹੋਇਆ ਹੈ । ਜਲੰਧਰ ਵਿੱਚ BSP ਮਜ਼ਬੂਤ ਹੈ । ਪਰ ਪੂਰੇ ਪੰਜਾਬ ਵਿੱਚ ਜੇਕਰ ਅਕਾਲੀ ਦਲ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਹੈ ਤਾਂ BJP ਅਤੇ BSP ਨਾਲ ਮਿਲ ਕੇ ਕੰਬੀਨੇਸ਼ਨ ਤਿਆਰ ਕਰਨਾ ਹੋਵੇਗਾ ਜੋ ਅਗਲੀ ਆਉਣ ਵਾਲਿਆਂ ਚੋਣਾਂ ਵਿੱਚ ਉਹ ਆਪ ਅਤੇ ਕਾਂਗਰਸ ਨੂੰ ਚੁਣੌਤੀ ਦੇ ਸਕੇ ।

ਉਧਰ ਬੀਜੇਪੀ ਦੀ ਗੱਲ ਕਰੀਏ ਤਾਂ ਜਲੰਧਰ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ। ਪਾਰਟੀ ਨੂੰ ਸ਼ਹਿਰਾਂ ਵਿੱਚ ਚੰਗਾ ਵੋਟ ਪਿਆ ਹੈ। BJP ਪਹਿਲਾਂ ਹੀ ਸ਼ਹਿਰਾਂ ਵਿੱਚ ਮਜ਼ਬੂਤ ਮੰਨੀ ਜਾਂਦੀ ਸੀ । ਹੁਣ ਬੀਜੇਪੀ ਨੂੰ ਸੋਚਣਾ ਹੋਵੇਗਾ ਕਿ ਉਹ ਅਕਾਲੀ ਦਲ ਨਾਲ ਮੁੜ ਤੋਂ ਗਠਜੋੜ ਵਿੱਚ ਵਾਪਸ ਜਾਵੇਗੀ ਜਾਂ ਫਿਕ ਕੁਝ ਹੋਰ ਸਮਾਂ ਆਪਣੇ ਦਮ ‘ਤੇ ਜ਼ਮੀਨ ਤਲਾਸ਼ਣ ਅਤੇ ਤਰਾਸ਼ਨ ਵਿੱਚ ਲਗਾਏਗੀ। ਅਜਿਹਾ ਵੀ ਹੋ ਸਕਦਾ ਹੈ ਕਿ ਜੇਕਰ ਅਕਾਲੀ ਦਲ ਬੀਜੇਪੀ ਨੂੰ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਥੋੜ੍ਹੀ ਹੋਰ ਸੀਟਾਂ ਦਾ ਆਫਰ ਕਰੇ ਤਾਂ ਦੋਵੇਂ ਪਾਰਟੀਆਂ ਜਲਦ ਇਕੱਠੀ ਵੀ ਹੋ ਸਕਦੀਆਂ ਹਨ । ਬੀਜੇਪੀ ਦਾ ਇਕੱਲੇ ਚੋਣ ਲੜਨ ਦਾ ਪਲਾਨ B ਇਹ ਹੀ ਹੈ ਆਪਣੀ ਮਜ਼ਬੂਤੀ ਦਾ ਅਕਾਲੀ ਦਲ ਨੂੰ ਅਹਿਸਾਸ ਕਰਵਾਉਣਾ ।

ਮਾਨ ਜਿੱਤੀ ਅਕਸ ਦੀ ਲੜਾਈ

ਜਲੰਧਰ ਜ਼ਿਮਨੀ ਚੋਣ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਪਹੁੰਚੇ ਅਤੇ ਆਪ ਸੁਪੀਮੋ ਅਰਵਿੰਦ ਕੇਜਰੀਵਾਲ ਨਾਲ ਗਲੇ ਲੱਗ ਕੇ ਖੁਸ਼ੀ ਜ਼ਾਹਿਰ ਕੀਤੀ । ਇਸ ਮੌਕੇ ਆਪ ਸੁਪਰੀਮੋ ਕੇਜਰੀਵਾਲ ਨੇ ਕਿਹਾ ਜਦੋਂ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਆਪ ਦੀ ਲਹਿਰ ਸੀ ਤਾਂ ਪਾਰਟੀ ਨੇ 92 ਸੀਟਾਂ ਜਿੱਤਿਆ ਸਨ ਤਾਂ ਵੀ ਅਸੀਂ ਜਲੰਧਰ ਤੋਂ 9 ਵਿੱਚੋ 4 ਸੀਟਾਂ ਹੀ ਜਿੱਤ ਸਕੇ ਸੀ। ਪਰ ਇਸ ਵਾਰ ਅਸੀਂ 9 ਵਿਚੋਂ 7 ਵਿਧਾਨ ਸਭਾ ਹਲਕੇ ਵਿੱਚ ਜਿੱਤ ਹਾਸਲ ਕੀਤੀ ਹੈ,ਸਿਰਫ ਜਲੰਧਰ ਸੈਂਟਰਲ ਅਤੇ ਜਲੰਧਰ ਨਾਰਥ ਵਿੱਚ ਹੀ ਅਸੀਂ ਪਿੱਛੇ ਹਾਂ। ’22 ਦੀਆਂ ਵਿਧਾਨਸਭਾ ਚੋਣਾਂ ਵਿੱਚ ਸਾਨੂੰ ਪੂਰੇ ਪੰਜਾਬ ਵਿੱਚ 42 ਫੀਸਦੀ ਵੋਟ ਮਿਲੇ ਸਨ ਪਰ ਜਲੰਧਰ ਵਿੱਚ ਸਿਰਫ਼ 28 ਫੀਸਦੀ ਵੋਟ ਮਿਲੇ ਸਨ ਪਰ ਅੱਜ ਅਸੀਂ ਵਧਾ ਕੇ 34 ਫੀਸਦੀ ਕਰ ਦਿੱਤਾ ।

ਸਵਾ ਸਾਲ ਪਹਿਲਾਂ ਵਿਧਾਨਸਭਾ ਹਲਕੇ ਫਿਲੌਰ,ਸ਼ਾਹਕੋਟ,ਆਦਮਪੁਰ,ਜਲੰਧਰ ਨਾਰਥ ਵਿੱਚ ਅਸੀਂ ਤੀਜੇ ਨੰਬਰ ‘ਤੇ ਸੀ ਪਰ ਜਲੰਧਰ ਜ਼ਿਮਨੀ ਚੋਣ ਦੇ ਨਤੀਜੇ ਵਿੱਚ ਅਸੀਂ ਚਾਰ ਵਿੱਚੋ 3 ਸੀਟਾਂ ਜਿੱਤ ਗਏ ਹਾਂ,ਇੱਕ ਸੀਟ ‘ਤੇ ਦੂਜੇ ਨੰਬਰ ‘ਤੇ ਰਹੇ । 2019 ਦੀਆਂ ਲੋਕਸਭਾ ਚੋਣਾਂ ਵਿੱਚ ਸਾਨੂੰ ਸਿਰਫ਼ ਢਾਈ ਫੀਸਦੀ ਵੋਟ ਹੀ ਮਿਲੇ ਸਨ ਪਰ 4 ਸਾਲ ਬਾਅਦ ਸਾਨੂੰ 34 ਫੀਸਦੀ ਵੋਟ ਮਿਲੇ। ਕੇਜਰੀਵਾਲ ਨੇ ਕਿਹਾ ਲੋਕਾਂ ਨੇ ਪਰਿਵਾਰਵਾਦ ਦੀ ਸਿਆਸਤ ਨੂੰ ਹਰਾਇਆ ਹੈ,ਲੋਕਸਭਾ ਵਿੱਚ ਸਾਡੀ ਮੁੜ ਤੋਂ ਐਂਟਰੀ ਹੋ ਰਹੀ ਹੈ । ਅਸੀਂ ਉਮੀਦ ਕਰਦੇ ਹਾਂ ਕਿ ਲੋਕਸਭਾ ਵਿੱਚ ਇੱਕ ਦਿਨ ਸਾਡਾ ਬਹੁਮਤ ਹੋਵੇਗਾ ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਲੋਕਾਂ ਨੇ ਸਾਡੀ ਸਰਕਾਰ ਦੇ 14 ਮਹੀਨੇ ਦੇ ਕੰਮ ‘ਤੇ ਮੋਹਰ ਲਗਾਈ ਹੈ । ਅਸੀਂ ਲੋਕਾਂ ਤੋਂ ਸਕੂਲਾਂ ਅਤੇ ਮੁਹੱਲਾ ਕਲੀਨਿਕ ਦੇ ਨਾਂ ‘ਤੇ ਵੋਟ ਮੰਗੇ, ਲੋਕਾਂ ਨੇ ਮੁਫਤ ਬਿਜਲੀ ਦੇ ਵਾਅਦੇ ਨੂੰ ਪੂਰਾ ਹੁੰਦੇ ਵੇਖਿਆ । ਨੈਗੇਟਿਵ ਦੀ ਥਾਂ ਪੋਜ਼ੀਟਿਵ ਸਿਆਸਤ ‘ਤੇ ਮੋਹਰ ਲਗਾਈ ਹੈ। ਮੈਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵਧਾਈ ਦਿੰਦਾ ਹਾਂ,ਇਹ ਜਿੱਤ ਸਾਰਿਆਂ ਦੀ ਹੈ । ਜਿੰਨਾਂ ਨੇ ਮੇਰੇ ਬਾਰੇ ਆਪਤੀਜਨਕ ਟਿੱਪਣੀ ਕੀਤੀ,ਬੁਰਾ ਭਲਾ ਕਿਹਾ,ਪਰਸਨਲ ਗੱਲਾਂ ਕੀਤੀਆਂ ਮੈਂ ਕਹਿੰਦਾ ਹਾਂ ਉਨ੍ਹਾਂ ਦਾ ਵੀ ਭਲਾ ਹੋਵੇ।

ਲੋਕ ਹੁਣ ਇਸ ਗੱਲ ‘ਤੇ ਧਿਆਨ ਨਹੀਂ ਦਿੰਦੇ ਸਿਰਫ ਵਿਕਾਸ ਦੇ ਮੁੱਦੇ ‘ਤੇ ਵੋਟ ਪਾਉਂਦੇ ਹਨ। ਜਲੰਧਰ ਦੇ ਲੋਕਾਂ ਨੇ ਵਿਸ਼ਵਾਸ਼ ਕੀਤਾ ਹੈ ਤਾਂ ਅਸੀਂ ਹੁਣ ਸ਼ਹਿਰ ਨੂੰ ਚਮਕਾਵਾਂਗੇ,ਜਿੱਤ ਤੋਂ ਬਾਅਦ ਮੇਰਾ ਹੌਸਲਾ ਵੱਧ ਗਿਆ ਹੈ। ਅਸੀਂ ਕਹਿੰਦੇ ਸੀ 11 ਮਹੀਨੇ ਵਿੱਚ ਸਾਡਾ ਐੱਮਪੀ ਇੰਨੇ ਕੰਮ ਕਰੇਗਾ ਕਿ ਅਗਲੀ ਵਾਰ ਸਾਨੂੰ ਹੱਥ ਜੋੜ ਕੇ ਵੋਟ ਨਾ ਮੰਗਣੀ ਪਏ। ਅਗਲੀ ਵਾਰ ਲੋਕ ਸਾਡੇ ਕੰਮ ਦੇ ਅਧਾਰ ‘ਤੇ ਵੋਟ ਪਾਉਣ। ਅਕਾਲੀ ਦਲ,ਬੀਜੇਪੀ,ਕਾਂਗਰਸ ਸਾਰੇ ਇਕੱਠੇ ਸਨ ਉਹ ਮਿਲ ਕੇ ਲੜੇ ਪਰ ਲੋਕਾਂ ਨੇ ਸਭ ਨੂੰ ਨਕਾਰ ਦਿੱਤਾ ਅਤੇ ਆਪ ਦੇ ਕੰਮਾਂ ‘ਤੇ ਮੋਹਰ ਲਗਾਈ ।

Exit mobile version