The Khalas Tv Blog India ਹਰਿਆਣਾ ’ਚ AAP ਨੂੰ ਵੱਡਾ ਝਟਕਾ! ਵੋਟਿੰਗ ਤੋਂ 2 ਦਿਨ ਪਹਿਲਾਂ ਉਮੀਦਵਾਰ ਕਾਂਗਰਸ ’ਚ ਸ਼ਾਮਲ
India Punjab

ਹਰਿਆਣਾ ’ਚ AAP ਨੂੰ ਵੱਡਾ ਝਟਕਾ! ਵੋਟਿੰਗ ਤੋਂ 2 ਦਿਨ ਪਹਿਲਾਂ ਉਮੀਦਵਾਰ ਕਾਂਗਰਸ ’ਚ ਸ਼ਾਮਲ

ਬਿਉਰੋ ਰਿਪੋਰਟ: ਹਰਿਆਣਾ ਵਿਧਾਨ ਸਭਾ ਦੀ ਨੀਲੋਖੇੜੀ (SC) ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਅਮਰ ਸਿੰਘ ਵੋਟਾਂ ਤੋਂ ਠੀਕ ਦੋ ਦਿਨ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਅਮਰ ਸਿੰਘ ਨੇ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਪਾਰਟੀ ਦਾ ਮੈਂਬਰ ਬਣਾਇਆ ਹੈ।

ਅਮਰ ਸਿੰਘ ਦਾ ਸਵਾਗਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਅਤੇ ਕਾਂਗਰਸ ਉਮੀਦਵਾਰ ਧਰਮਪਾਲ ਗੌਂਡਰ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ’ਚ ਸ਼ਾਮਲ ਹੋਣ ਤੋਂ ਬਾਅਦ ਅਮਰ ਸਿੰਘ ਨੇ ਕਿਹਾ, “ਜੇ ਮੈਂ ਚੋਣ ਲੜਦਾ ਤਾਂ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੋਣਾ ਸੀ। ਮੈਂ ਕਾਂਗਰਸ ’ਚ ਸਿਰਫ ਇਸ ਲਈ ਸ਼ਾਮਲ ਹੋਇਆ ਹਾਂ ਕਿ ਵੋਟਾਂ ਦੀ ਵੰਡ ਨਾ ਹੋਵੇ।”

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰ ਸਿੰਘ ਨੇ ਕਿਹਾ ਕਿ ਇਸ ਵੇਲੇ ਹਰਿਆਣਾ ਵਿੱਚ ਮੁਕਾਬਲਾ ਸਿੱਧਾ ਕਾਂਗਰਸ ਅਤੇ ਭਾਜਪਾ ਵਿਚਕਾਰ ਹੈ। ਨੀਲੋਖੇੜੀ ਵਿੱਚ ਵੀ ਇਹੀ ਸਥਿਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਡਾ ਮੰਤਵ ਕਿਸਾਨਾਂ, ਔਰਤਾਂ, ਦਲਿਤਾਂ ਨਾਲ ਬੇਇਨਸਾਫ਼ੀ ਨੂੰ ਰੋਕਣਾ ਅਤੇ ਘੱਟ ਗਿਣਤੀਆਂ ਨੂੰ ਮੌਜੂਦਾ ਭਾਜਪਾ ਸਰਕਾਰ ਤੋਂ ਛੁਟਕਾਰਾ ਦਿਵਾਉਣਾ ਹੈ ਅਤੇ ਇਹ ਸਿਰਫ਼ ਕਾਂਗਰਸ ਹੀ ਕਰ ਸਕਦੀ ਹੈ।

Exit mobile version