‘ਦ ਖਾਲਸ ਬਿਊਰੋ:ਆਪ ਉਮੀਦਵਾਰ ਗੁਰਮੇਲ ਸਿੰਘ ਨੇ 23 ਜੂਨ ਨੂੰ ਹੋਣ ਵਾਲੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਜ਼ਰ ਸਨ।ਮਾਨ ਦੇ 2022 ਵਿੱਚ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਅਤੇ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।ਗੁਰਮੇਲ ਸਿੰਘ ਸੰਨ 2013 ਨੂੰ ‘ਆਪ’ ਵਿੱਚ ਸ਼ਾਮਲ ਹੋਏ ਸਨ ਤੇ ਉਦੋਂ ਤੋਂ ਉਹਨਾਂ ਨੇ ਪਾਰਟੀ ਦੇ ਸਰਕਲ ਇੰਚਾਰਜ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਅਹਿਮ ਅਹੁਦਿਆਂ ‘ਤੇ ਕੰਮ ਕੀਤਾ ਹੈ। ਇਸ ਸਮੇਂ ਉਹ ਸੰਗਰੂਰ ਦੇ ਪਿੰਡ ਘਰਾਚੋਂ ਦੇ ਸਰਪੰਚ ਹਨ ਤੇ ਨਾਲ ਹੀ ਉਹ ਇੱਕ ਉੱਘੇ ਵਾਤਾਵਰਣ ਪ੍ਰੇਮੀ ਹਨ ਅਤੇ ਪੌਦੇ ਲਗਾਉਣ ਦੀ ਮੁਹਿੰਮ ਚਲਾ ਰਹੇ ਹਨ।ਇਸ ਸੰਬੰਧ ਵਿੱਚ ਆਪ ਦੇ ਟਵੀਟਰ ਅਕਾਉਂਟ ਤੋਂ ਇੱਕ ਟਵੀਟ ਵੀ ਕੀਤਾ ਗਿਆ ਹੈ ,ਜਿਸ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਸੰਬੰਧ ਵਿੱਚ ਕਿਹਾ ਕਿ ਪਹਿਲਾਂ ਵੀ ਇਸ ਇਲਾਕੇ ਦੇ ਲੋਕਾਂ ਨੇ ਦੋ ਵਾਰ ਮੈਨੂੰ ਚੁਣ ਕੇ ਭੇਜਿਆ ਹੈ ਪਰ ਇਸ ਵਾਰ ਆਪ ਨੇ ਇਕ ਨੌਜਵਾਨ ਵਲੰਟੀਅਰ ਗੁਰਮੇਲ ਸਿੰਘ ਨੂੰ ਮੌਕਾ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਆਪ ਨੇ ਹਮੇਸ਼ਾ ਆਮ ਜਨਤਾ ਵਿੱਚੋਂ ਹੀ ਪ੍ਰਤਿਨਿਧੀ ਨੂੰ ਚੁਣ ਕੇ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਭੇਜਿਆ ਹੈ ਤੇ ਇਸੇ ਕੜੀ ਦੇ ਤਹਿਤ ਨੌਜਵਾਨ ਸਰਪੰਚ ਗੁਰਮੇਲ ਸਿੰਘ ਨੂੰ ਰਾਜ ਸਭਾ ਚੋਣਾਂ ਲਈ ਨਾਮਜ਼ਦ ਕੀਤਾ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਜਨਤਾ ਦਾ ਫ਼ੈਸਲਾ ਆਖਰੀ ਹੁੰਦਾ ਹੈ ਤੇ ਉਹਨਾਂ ਉਮੀਦ ਜਤਾਈ ਕਿ ਜਨਤਾ ਵੱਲੋਂ ਚੁਣੇ ਗਏ ਨੁਮਾਇੰਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਮੁੱਦਿਆਂ ਨੂੰ ਸਹੀ ਤਰੀਕੇ ਨਾਲ ਚੁੱਕਣਗੇ ।