‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਨੇ ਇੱਕ ਅਪੀਲ ਜਾਰੀ ਕਰਕੇ ਲੋਕਾਂ ਨੂੰ ਖੁੱਲ੍ਹ ਕੇ ਦਾਨ ਦੇਣ ਲਈ ਕਿਹਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ 2022 ਵਿਧਾਨ ਸਭਾ ਚੋਣਾਂ ਲੜਨ ਲਈ ਪੈਸੇ ਨਹੀਂ ਹਨ। ਸਿਆਸਤ ਵਿੱਚ ਇਮਾਨਦਾਰ ਅਤੇ ਪਾਕ ਦਾਮਨ ਵਾਲੇ ਲੋਕਾਂ ਨੂੰ ਲਿਆਉਣ ਲਈ ਰਲ ਕੇ ਹੰਭਲਾ ਮਾਰਨ ਲਈ ਕਿਹਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ 18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਜੇਬਾਂ ਢਿੱਲੀਆਂ ਕਰਨ ਲਈ ਕਿਹਾ।
ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ ਗਈ ਸੀ। ਇੱਥੋਂ ਤੱਕ ਕਿ ਡਿਨਰ ਡਿਪਲੋਮੇਸੀ ਦਾ ਵੀ ਸਹਾਰਾ ਲੈਣਾ ਪਿਆ ਸੀ। ਇਸ ਤੋਂ ਬਾਅਦ ਪ੍ਰਵਾਸੀ ਭਾਰਤੀਆਂ ਵੱਲੋਂ ਪੈਸੇ ਦਾ ਮੀਂਹ ਬਰਸਾ ਦਿੱਤਾ ਗਿਆ ਪਰ ਫੰਡ ਵਿੱਚ ਬੇਨਿਯਮੀਆਂ ਵੀ ਸਾਹਮਣੇ ਆਈਆਂ। ਆਪ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਾਰਟੀ ਚਲਾਉਣ ਲਈ ਪੈਸਿਆਂ ਦੀ ਜ਼ਰੂਰਤ ਹੈ। ਪਾਰਟੀ ਨੂੰ ਹਰੇਕ ਤੋਂ ਉਮੀਦ ਹੈ ਪਰ ਇਸ ਵਿੱਚ ਕਾਰਪੋਰੇਟ ਅਦਾਰੇ ਦੂਰ ਹਨ।