ਗਿੱਦੜਬਾਹਾ : ਸੂਬੇ ਵਿੱਚ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਹਰ ਪਾਰਟੀ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਗਿੱਦੜਬਾਹਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਪ੍ਰਿਤਪਾਲ ਸ਼ਰਮਾ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਬਰਨਾਲਾ ਹਲਕੇ ਤੋਂ ਬਾਅਦ ਗਿੱਦੜਬਾਹਾ ਦੂਸਰਾ ਹਲਕਾ ਹੈ ਜਿੱਥੇ 92 ਹਲਕਿਆਂ ’ਚ ਬੰਪਰ ਜਿੱਤ ਹਾਸਲ ਕਰਕੇ ਸਰਕਾਰ ਬਨਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਆਪਣਿਆਂ ਦੀ ਨਰਾਜ਼ਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਤੀਸਰੇ ਸਥਾਨ ਤੇ ਰਹਿਣ ਵਾਲੇ ਪ੍ਰਿਤਪਾਲ ਸ਼ਰਮਾ ਜਿਮਨੀ ਚੋਣ ’ਚ ਟਿਕਟ ਦੇ ਦਾਅਵੇਦਾਰ ਸਨ ਪਰ ਉਨ੍ਹਾਂ ਦੀ ਥਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਚੋਂ ਲਿਆਕੇ ਟਰਾਂਸਪੋਰਟਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾ ਲਿਆ ਜੋ ਇਸ ਦੁਫੇੜ ਦਾ ਕਾਰਨ ਬਣਿਆ ਹੈ।
ਹਾਲਾਂਕਿ ਪ੍ਰਿਤਪਾਲ ਸ਼ਰਮਾ ਨੇ ਸਿੱਧੇ ਤੌਰ ਤੇ ਫਿਲਹਾਲ ਕੁਝ ਨਹੀਂ ਕਿਹਾ ਕਿ ਪਰ ਉਨ੍ਹਾਂ ਦੇ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਜੋ ਅੱਜ ਨਾਮਜਦਗੀ ਦਾਖਲ ਕਰਨ ਦੇ ਆਖਰੀ ਦਿਨ ਸਪਸ਼ਟ ਹੋ ਜਾਣਗੀਆਂ। ਪ੍ਰਿਤਪਾਲ ਸ਼ਰਮਾ ਪੇਸ਼ੇ ਤੋਂ ਵਕੀਲ ਹਨ ਜਿੰਨ੍ਹਾਂ ਦਾ ਹਲਕੇ ’ਚ ਚੰਗਾ ਰਸੂਖ ਦੱਸਿਆ ਜਾਂਦਾ ਹੈ।