ਬਿਉਰੋ ਰਿਪੋਰਟ – ਢਾਬੀ ਗੁੱਜਰਾਂ ਬਾਰਡਰ ’ਤੇ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਲਈ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਅੱਜ ਸਰਕਾਰ ਵਾਲੇ ਪਾਸਿਉਂ ਛੇ ਮੰਤਰੀ ਢਾਬੀ ਗੁੱਜਰਾਂ ਪਹੁੰਚੇ। ਉਨ੍ਹਾਂ ਵੱਲੋਂ ਇੱਕ ਮਹੀਨੇ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ। ਇੱਥੇ ਪੁੱਜੇ ਮੰਤਰੀਆਂ ਵਿੱਚ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਤੋਂ ਇਲਾਵਾ ਵਰਕਿੰਗ ਪ੍ਰਧਾਨ ਸ਼ੈਰੀ ਕਲਸੀ, ਡਾਕਟਰ ਬਲਵੀਰ ਸਿੰਘ, ਕੁਲਦੀਪ ਧਾਲੀਵਾਲ, ਗੁਰਮੀਤ ਖੁੱਡੀਆਂ, ਬਰਿੰਦਰ ਗੋਇਲ ਤੇ ਤਰਨਜੀਤ ਸੌਂਧ ਸ਼ਾਮਲ ਸਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀਆਂ ਨੇ ਪਟਿਆਲਾ ਵਿੱਚ ਸਰਕਟ ਹਾਊਸ ਪਹੁੰਚ ਕੇ ਪਟਿਆਲਾ ਦੇ ਕੁਝ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਪੈਸ਼ਲ ਡੀਜੀਪੀ ਅਰਪਤ ਸ਼ੁਕਲਾ ਵੀ ਕੁਝ ਹੋਰ ਪੁਲਿਸ ਅਧਿਕਾਰੀਆਂ ਸਮੇਤ ਢਾਬੀ ਗੁੱਜਰਾਂ ਬਾਰਡਰ ’ਤੇ ਪੁੱਜੇ ਅਤੇ ਉੱਥੇ ਪਹਿਲਾਂ ਕੁਝ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਮੰਤਰੀ ਅਮਨ ਅਰੋੜਾ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਮਰਨ ਵਰਤ ਖਤਮ ਕਰਨ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਡੱਲੇਵਾਲ ਬੇਸ਼ੱਕ ਆਪਣੀ ਭੁੱਖ ਹੜਤਾਲ ਜਾਰੀ ਰੱਖ ਲੈਣ ਪਰ ਮੈਡੀਕਲ ਸਹੂਲਤ ਲੈ ਲੈਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਇਸ ਤੋਂ ਇਲਾਵਾ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕੇ ਅਸੀਂ ਸਭ ਸਰਕਾਰ ਵਾਲੇ ਪਾਸਿਉਂ ਅੱਜ ਡਲੇਵਾਲ ਸਾਹਿਬ ਕੋਲ ਇੱਕ ਬੇਨਤੀ ਲੈ ਕੇ ਆਏ ਹਾਂ ਕਿ ਜੋ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੀ ਵਜ੍ਹਾ ਕਰਕੇ ਅੱਜ ਇੱਕ ਮਹੀਨੇ ਤੋਂ ਅੰਨ ਛੱਡ ਕੇ ਮਰਨ ਵਰਤ ਤੇ ਬੈਠੇ ਨੇ, ਅਸੀਂ ਇਹੀ ਗੁਜ਼ਾਰਿਸ਼ ਲੈ ਕੇ ਆਏ ਹਾਂ ਕਿ ਉਹਨਾਂ ਦਾ ਸੰਘਰਸ਼ 1000% ਜਾਇਜ਼ ਹੈ ਤੇ ਸਾਰੀਆਂ ਮੰਗਾਂ ਹੱਕੀ ਨੇ ਪਰ ਕੋਈ ਵੀ ਸੰਘਰਸ਼ ਉਦੋਂ ਹੀ ਜਿੱਤਿਆ ਜਾ ਸਕਦਾ ਹੈ ਜਦੋਂ ਲੋਕਾਂ ਦਾ ਆਗੂ ਸਿਹਤਯਾਬ ਹੋਵੇ ਅਤੇ ਅਸੀਂ ਸਰਕਾਰ ਵਾਲੇ ਪਾਸਿਉਂ ਉਹਨਾਂ ਨੂੰ ਬੇਨਤੀ ਕੀਤੀ ਹੈ ਕੇ ਉਹ ਬੇਸ਼ੱਕ ਆਪਣੀ ਭੁੱਖ ਹੜਤਾਲ ਜਾਰੀ ਰੱਖ ਲੈਣ ਪਰ ਮੈਡੀਕਲ ਸਹੂਲਤ ਲੈ ਲੈਣ। ਉਹਨਾਂ ਕਿਹਾ ਕੇ ਸਰਕਾਰ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਦੇ MPS ਨੇ ਸੰਸਦ ‘ਚ PM ਮੋਦੀ ਦੇ ਸਾਹਮਣੇ ਵੀ ਕਿਸਾਨਾਂ ਦਾ ਮੁੱਦਾ ਚੁੱਕਿਆ ਹੈ। ਉਹਨਾਂ ਕਿਹਾ ਕੇ ਅਸੀਂ ਡਾਕਟਰ ਬਲਬੀਰ ਸਿੰਘ ਨੂੰ ਵੀ ਨਾਲ ਲੈਕੇ ਆਏ ਹਾਂ ਤਾਂ ਜੋ ਉਹਨਾਂ ਨੂੰ ਮੈਡੀਕਲ ਸੇਵਾ ਪ੍ਰਦਾਨ ਕੀਤੀ ਜਾਂ ਸਕੇ ਕਿਉਕਿ ਡੱਲੇਵਾਲ ਦੇ ਅੰਦਰੂਨੀ ਅੰਗ ਕੰਮ ਛੱਡ ਸਕਦੇ ਨੇ। ਆਲ ਪਾਰਟੀ ਮੀਟਿੰਗ ਦੇ ਬਾਰੇ ਬੋਲਦਿਆਂ ਉਹਨਾਂ ਕਿਹਾ ਕੇ ਆਪ ਤਾਂ ਇਸ ਦਾ ਸਮਰਥਨ ਕਰਦੀ ਹੈ ਪਰ ਸਭ ਨੂੰ ਪਤਾ ਹੀ ਹੈ ਕਿ ਬਾਕੀ ਪਾਰਟੀਆਂ ਇਸ ਮੁੱਦੇ ‘ਤੇ ਕੀ ਸਟੈਂਡ ਰੱਖਣਗੀਆਂ। ਉਹਨਾਂ ਕਿਹਾ ਕੇ ਸਾਨੂੰ ਆਸ ਹੈ ਕੇ ਉਹਨਾਂ ਦੀ ਬੇਨਤੀ ਡੱਲੇਵਾਲ ਪ੍ਰਵਾਨ ਕਰਨਗੇ। ਨਾਲ ਹੀ ਉਹਨਾਂ ਕਿਹਾ ਕੇ ਸਰਕਾਰ ਡੱਲੇਵਾਲ ਨੂੰ ਧੱਕੇ ਨਾਲ ਚੁੱਕਣ ਦੇ ਸਮਰਥਨ ਵਿੱਚ ਬਿਲਕੁਲ ਵੀ ਨਹੀਂ ਹੈ। ਇਸ ਮਗਰੋਂ ਕਿਸਾਨਾਂ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਸਾਫ ਕਰ ਦਿੱਤਾ ਕੇ ਡੱਲੇਵਾਲ ਮਰਨ ਵਰਤ ਖ਼ਤਮ ਨਹੀਂ ਕਰਨਗੇ।
ਇਹ ਵੀ ਪੜ੍ਹੋ – ਪੰਜਾਬ ‘ਚ ਸੈਰ ਸਪਾਟੇ ਲਈ 73.57 ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ