The Khalas Tv Blog Punjab ਛੇੜਛਾੜ ਮਾਮਲਾ : ‘ਆਪ’ ਦਾ ਇੱਕ ਹੋਰ ਆਗੂ ਪੁਲਿਸ ਅੜਿੱਕੇ ਚੜਿਆ
Punjab

ਛੇੜਛਾੜ ਮਾਮਲਾ : ‘ਆਪ’ ਦਾ ਇੱਕ ਹੋਰ ਆਗੂ ਪੁਲਿਸ ਅੜਿੱਕੇ ਚੜਿਆ

‘ਦ ਖ਼ਾਲਸ ਬਿਊਰੋ : ਮਜੀਠਾ (Majitha) ਵਿੱਚ ਆਮ ਆਦਮੀ ਪਾਰਟੀ (AAP) ਦੇ ਬਲਾਕ ਇੰਚਾਰਜ ਪ੍ਰਿਤਪਾਲ ਸਿੰਘ ਬੱਲ (Pritpal Singh Bal) ਨੂੰ ਛੇੜਛਾੜ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਿਤਪਾਲ ਸਿੰਘ ਬੱਲ ‘ਤੇ ਇੱਕ ਨਾਬਾਲਿਗ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ। ਮਜੀਠਾ ਪੁਲਿਸ ਵੱਲੋਂ ਪ੍ਰਿਤਪਾਲ ਸਿੰਘ ਬੱਲ ਨੂੰ ਉਸਦੇ ਇੱਕ ਕਰੀਬੀ ਸਾਥੀ ਰਾਜਬੀਰ ਸਿੰਘ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਨਾਬਾਲਿਗ ਬੱਚੀ ਦੀ ਉਮਰ ਮਹਿਜ਼ 15 ਸਾਲ ਹੈ। ਕੁੜੀ ਦਾ ਇੱਕ ਭਰਾ ਹੈ। ਉਸਦੀ ਮਾਤਾ ਦੇ ਤਰਨਤਾਰਨ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਧਰਮਿੰਦਰਪਾਲ ਸਿੰਘ ਨਾਲ ਨਾਜਾਇਜ਼ ਸਬੰਧ ਬਣ ਗਏ ਸਨ। ਜਦੋਂ ਔਰਤ ਦੇ ਪਤੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਘਰ ਵਿੱਚ ਕਲੇਸ਼ ਰਹਿਣ ਲੱਗਾ।

ਘਰ ਵਿੱਚ ਕਲੇਸ਼ ਹੋਣ ਕਰਕੇ ਬੱਚੀ ਦੀ ਮਾਤਾ ਉਸ ਨੂੰ ਨਾਲ ਲੈ ਕੇ ਧਰਮਿੰਦਰਪਾਲ ਸਿੰਘ ਦੇ ਘਰ ਮਜੀਠਾ ਵਿੱਚ ਰਹਿਣ ਲਈ ਚਲੀ ਗਈ। ਬਾਅਦ ਵਿੱਚ ਧਰਮਿੰਦਰਪਾਲ ਸਿੰਘ ਬੱਚੀ ‘ਤੇ ਮਾੜੀ ਨਜ਼ਰ ਰੱਖਣ ਲੱਗ ਪਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ। ਬੱਚੀ ਦੀ ਮਾਤਾ ਨੇ ਇਹ ਸਭ ਰੋਕਣ ਦੀ ਬਜਾਏ ਧਰਮਿੰਦਰਪਾਲ ਨਾਲ ਹੀ ਰਲ ਗਈ ਅਤੇ ਬੱਚੀ ਨੂੰ ਹੀ ਧਮਕੀਆਂ ਦੇਣ ਲੱਗ ਪਈ।

ਬੱਚੀ ਨੇ ਦੱਸਿਆ ਕਿ ਧਰਮਿੰਦਰਪਾਲ ਦੇ ਘਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿਤਪਾਲ ਸਿੰਘ ਬੱਲ ਤੇ ਰਾਜਵੀਰ ਸਿੰਘ ਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਸੀ। ਬੱਚੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਧਰਮਿੰਦਰਪਾਲ ਸਿੰਘ ਨੇ ਉਸ ਦੀ ਮਾਂ ਦੇ ਸਾਹਮਣੇ ਹੀ ਉਸ ਨਾਲ ਛੇੜਛਾੜ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ ਪਰ ਉਸਦੀ ਮਾਂ ਨੇ ਕੋਈ ਵਿਰੋਧ ਨਹੀਂ ਕੀਤਾ। ਉਸ ਨੇ ਦੋਸ਼ ਲਾਇਆ ਕਿ ਧਰਮਿੰਦਰਪਾਲ ਸਿੰਘ ਨੇ ਉਸ ਦੀ ਮਾਤਾ, ਪ੍ਰਿਤਪਾਲ ਸਿੰਘ ਬੱਲ ਤੇ ਰਾਜਵੀਰ ਸਿੰਘ ਦੀ ਸ਼ਹਿ ‘ਤੇ ਉਸ ਨਾਲ ਛੇੜਛਾੜ ਕੀਤੀ ਹੈ।

ਮਜੀਠਾ ਥਾਣਾ ਦੇ ਐਸਐਚਓ ਮਨਮੀਤਪਾਲ ਸਿੰਘ ਨੇ ਕਿਹਾ ਕਿ ਨਾਬਾਲਿਗ ਬੱਚੀ ਦੇ ਬਿਆਨਾਂ ਦੇ ਆਧਾਰ ‘ਤੇ ਪ੍ਰਿਤਪਾਲ ਸਿੰਘ ਬੱਲ, ਉਸਦੇ ਨਜ਼ਦੀਕੀ ਸਾਥੀ ਰਾਜਵੀਰ ਸਿੰਘ ਉਰਫ ਰੋੜੀ, ਨਾਬਲਿਗ ਕੁੜੀ ਦੀ ਮਾਤਾ ਦਲਜੀਤ ਕੌਰ ਤੇ ਧਰਮਿੰਦਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪ੍ਰਿਤਪਾਲ ਸਿੰਘ ਬੱਲ ਤੇ ਰਾਜਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Exit mobile version