ਫਰੀਦਕੋਟ ਵਿਚ ਰਾਜਸਥਾਨ ਨਹਿਰ ਵਿਚੋਂ ਇੱਕ ਨੌਜਵਾਨ ਦੀ ਗਲਾ ਵੱਢ ਕੇ ਹੱਤਿਆ ਕਰਨ ਦੀ ਸੂਚਨਾ ਹੈ। ਨੌਜਵਾਨ ਦੇ ਗਲੇ ਉਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਹਨ। ਪੁਲਿਸ ਤੇ ਪਰਿਵਾਰ ਨੂੰ ਕਤਲ ਤੋਂ ਬਾਅਦ ਲਾਸ਼ ਸੁੱਟਣ ਦਾ ਸ਼ੱਕ ਹੈ। ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਮ੍ਰਿਤਕ ਦੀ ਪਛਾਣ ਕੋਟਕਪੁਰਾ ਦੇ ਪਿੰਡ ਕੋਠੇ ਵੜਿੰਗ ਵਾਸੀ ਸੁਖਵੀਰ ਸਿੰਘ (30) ਵਜੋਂ ਹੋਈ ਹੈ, ਜਿਸ ਦਾ ਇੱਕ ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ।
ਮਿਲੀ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ (30) ਵਾਸੀ ਕੋਠੇ ਵੜਿੰਗ ਨੂੰ ਅੱਜ ਸ਼ਾਮ 4 ਕੁ ਵਜੇ ਕੁਝ ਵਿਅਕਤੀਆਂ ਨੇ ਮੋਬਾਈਲ ਫੋਨ ਕਰ ਕੇ ਫ਼ਰੀਦਕੋਟ ਬੁਲਾਇਆ ਸੀ, ਜਿਸ ਦੀ ਬਾਅਦ ਵਿੱਚ ਤਲਵੰਡੀ-ਫਰੀਦਕੋਟ ਸੜਕ ’ਤੇ ਨਹਿਰਾਂ ਉੱਪਰ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ। ਕੁਝ ਸਮੇਂ ਬਾਅਦ ਸੂਚਨਾ ਮਿਲਣ ’ਤੇ ਪੁਲਿਸ ਨੇ ਸੁਖਵੀਰ ਸਿੰਘ ਦੀ ਲਾਸ਼ ਪਿੰਡ ਮਚਾਕੀ ਮੱਲ ਕੋਲੋਂ ਨਹਿਰ ’ਚੋਂ ਬਰਾਮਦ ਕਰ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲਿਆਂਦੀ ਗਈ ਹੈ।
ਮ੍ਰਿਤਕ ਦਾ ਪਿਤਾ ਵਿਦੇਸ਼ ਵਿਚ ਰਹਿੰਦਾ ਹੈ ਅਤੇ ਘਰ ਵਿੱਚ ਉਸਦੀ ਮਾਂ ਅਤੇ ਪਤਨੀ ਹਨ । ਦਿਨੋਂ ਦਿਨ ਵੱਧ ਰਹੀਆਂ ਅਜਿਹਿਆਂ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।