The Khalas Tv Blog Punjab ਵਾਹੀ ਕਰਦੇ ਸਮੇਂ ਆਪਣੇ ਹੀ ਟ੍ਰੈਕਟਰ ਹੇਠ ਆਉਣ ਨਾਲ ਨੌਜਵਾਨ ਦੀ ਮੌਤ
Punjab

ਵਾਹੀ ਕਰਦੇ ਸਮੇਂ ਆਪਣੇ ਹੀ ਟ੍ਰੈਕਟਰ ਹੇਠ ਆਉਣ ਨਾਲ ਨੌਜਵਾਨ ਦੀ ਮੌਤ

ਜਲੰਧਰ ‘ਚ ਬੀਤੀ ਰਾਤ ਖੇਤਾਂ ‘ਚ ਨਦੀਨ ਕਰਦੇ ਸਮੇਂ ਟਰੈਕਟਰ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਮਨਦੀਪ ਸਿੰਘ ਦਿਓਲ (26) ਵਾਸੀ ਪਿੰਡ ਬੋਲੀਨਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਰੋਮਨਦੀਪ ਦਾ ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰ ਵਿਦੇਸ਼ ਵਿੱਚ ਰਹਿੰਦੇ ਹਨ।

ਪਿੰਡ ਬੋਲੀਨਾ ਦੋਆਬਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਫਗੂੜਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਦਲਵੀਰ ਸਿੰਘ ਦੀ 8 ਸਾਲ ਪਹਿਲਾਂ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਉਨ੍ਹਾਂ ਦਾ ਛੋਟਾ ਭਰਾ ਤਰਨਦੀਪ ਸਿੰਘ ਦਿਓਲ ਤੇ ਦਾਦਾ-ਦਾਦੀ ਵੀ ਕੈਨੇਡਾ ’ਚ ਰਹਿੰਦੇ ਹਨ।

ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਰੋਮਨ ਬੀਤੀ ਰਾਤ ਆਪਣੇ ਖੇਤ ‘ਚ ਇਕੱਲਾ ਹੀ ਵਾਹੀ ਕਰ ਰਿਹਾ ਸੀ ਤੇ ਦੇਰ ਰਾਤ 2 ਵਜੇ ਤੱਕ ਜਦ ਉਹ ਘਰ ਨਹੀਂ ਪਰਤਿਆ। ਉਸ ਦਾ ਫੋਨ ਵੀ ਨਹੀਂ ਲੱਗ ਰਿਹਾ ਸੀ ਤਾਂ ਉਸ ਦੀ ਮਾਤਾ ਪਰਮਿੰਦਰ ਕੌਰ ਨੇ ਰੋਮਨ ਦੇ ਦੋਸਤ ਪਰਮਵੀਰ ਸਿੰਘ ਨੂੰ ਫੋਨ ਕਰਕੇ ਰੋਮਨ ਬਾਰੇ ਪੁੱਛਿਆ।

ਜਿਸ ਤੋਂ ਬਾਅਦ ਪਰਮਵੀਰ ਸਿੰਘ ਨੇ ਜਦ ਖੇਤ ‘ਚ ਜਾ ਕੇ ਵੇਖਿਆ ਤਾਂ ਰੋਮਨ ਟ੍ਰੈਕਟਰ ਦੇ ਟਾਇਰ ਹੇਠ ਮ੍ਰਿਤਕ ਪਿਆ ਹੋਇਆ ਸੀ। ਟ੍ਰੈਕਟਰ ਸਟਾਰਟ ਹੀ ਸੀ। ਜਿਸ ‘ਤੇ ਉਸ ਨੇ ਪਹਿਲਾਂ ਟ੍ਰੈਕਟਰ ਬੰਦ ਕੀਤਾ ਤੇ ਇਸ ਦੀ ਸੂਚਨਾ ਉਸ ਨੇ ਤੁਰੰਤ ਪਰਿਵਾਰਿਕ ਮੈਂਬਰਾਂ, ਸਰਪੰਚ ਕੁਲਵਿੰਦਰ ਬਾਘਾ ਨੂੰ ਦਿੱਤੀ। ਸਰਪੰਚ ਕੁਲਵਿੰਦਰ ਬਾਘਾ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਰੋਮਨ ਨੂੰ ਖੇਤ ‘ਚ ਜਾ ਕੇ ਵੇਖਿਆ ਤਾਂ ਉਹ ਟ੍ਰੈਕਟਰ ਦੇ ਟਾਇਰ ਹੇਠ ਮ੍ਰਿਤਕ ਪਿਆ ਸੀ।

ਉਸ ਦੇ ਸਰੀਰ ‘ਤੇ ਟਾਇਰ ਨਾਲ ਘਿੜਸਣ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਰੋਮਨ ਖੇਤ ‘ਚ ਇਕੱਲਾ ਵਾਹੀ ਕਰ ਰਿਹਾ ਸੀ। ਇਸ ਲਈ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਤੋਂ ਬਾਅਦ ਹੀ 13 ਜੂਨ ਨੂੰ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

 

Exit mobile version