The Khalas Tv Blog Punjab ਰਾਜਿੰਦਰਾ ਹਸਪਤਾਲ ਦਾ ਇੱਕ ਵਾਰਡ ਫੌਜ ਦੇ ਹਵਾਲੇ
Punjab

ਰਾਜਿੰਦਰਾ ਹਸਪਤਾਲ ਦਾ ਇੱਕ ਵਾਰਡ ਫੌਜ ਦੇ ਹਵਾਲੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ  ਕਰੋਨਾ ਮਰੀਜ਼ਾਂ ਦੀਆਂ ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹਸਪਤਾਲ ਦਾ ਕਰੋਨਾ ਮਰੀਜ਼ਾਂ ਦਾ ਇੱਕ ਮੁਕੰਮਲ ਵਾਰਡ ਅੱਜ ਫੌਜ ਦੇ ਹਵਾਲੇ ਕੀਤਾ ਗਿਆ ਹੈ। ਭਾਰਤੀ ਫੌਜ ਦੇ ਮੈਡੀਕਲ ਵਿੰਗ ਵਿਚਲੇ ਸੀਨੀਅਰ ਅਤੇ ਜੂਨੀਅਰ ਡਾਕਟਰਾਂ ਸਮੇਤ ਪੈਰਾ ਮੈਡੀਕਲ ਅਤੇ ਹੋਰ ਸਟਾਫ਼ ਕਰੋਨਾ ਮਰੀਜ਼ਾਂ ਦੀ ਦੇਖਭਾਲ ਕਰੇਗਾ। ਇਸ ਸਟਾਫ਼ ਦੀ ਸੌ ਮੈਂਬਰੀ ਟੀਮ ਕੱਲ੍ਹ ਹੀ ਹਸਪਤਾਲ ਪਹੁੰਚ ਗਈ ਸੀ। ‘ਦ ਪੰਜਾਬ ਟ੍ਰਿਬਿਊਨ ਅਖਬਾਰ ਦੀ ਜਾਣਕਾਰੀ ਮੁਤਾਬਕ ਹਸਪਤਾਲ ਵਿਚਲੇ ਸੁਪਰ ਸਪੈਸ਼ਲਿਟੀ ਬਲਾਕ ਦੀ ਦੂਜੀ ਸਾਰੀ ਮੰਜ਼ਿਲ ਫੌਜ ਦੇ ਮੈਡੀਕਲ ਵਿੰਗ ਨੂੰ ਸੌਂਪ ਦਿੱਤੀ ਗਈ ਹੈ। ਇਸ ਮੰਜ਼ਿਲ ’ਚ 80 ਤੋਂ ਵੱਧ ਕਰੋਨਾ ਮਰੀਜ਼ ਹਨ।

ਕੋਵਿਡ ਵਾਰਡ ਇੰਚਾਰਜ ਸੁਰਭੀ ਮਲਿਕ (ਆਈਏਐੱਸ) ਨੇ ਇੱਕ ਵਾਰਡ ਫੌਜ ਹਵਾਲੇ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਮੈਡੀਕਲ ਸੁਪਰਡੈਂਟ ਡਾ. ਐੱਚ.ਐੱਸ ਰੇਖੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਫੌਜ ਦੀਆਂ ਸੇਵਾਵਾਂ ਲੈਣ ਨੂੰ ਸਟਾਫ਼ ਦੀ ਘਾਟ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇੱਥੇ ਸਟਾਫ਼ ਦੀ ਘਾਟ ਨਹੀਂ ਹੈ। ਲੋੜ ਪਈ ਤਾਂ ਸਰਕਾਰ ਤੋਂ ਹੋਰ ਸਟਾਫ਼ ਭਰਤੀ ਕਰਨ ਦੀ ਪ੍ਰਵਾਨਗੀ ਲੈ ਲਈ ਜਾਵੇਗੀ।

ਰਾਜਿੰਦਰਾ ਹਸਪਤਾਲ ਵਿੱਚ ਵਧੇਰੇ ਸਹੂਲਤਾਂ ਦੇ ਬਾਵਜੂਦ ਵੀ ਕਰੋਨਾ ਮਰੀਜ਼ਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਇੱਕ ਦਿਨ ’ਚ 38 ਰਿਕਾਰਡ ਮੌਤਾਂ ਵੀ ਹੋ ਚੁੱਕੀਆਂ ਹਨ। ਮੌਤਾਂ ਦੇ ਵੱਧਦੇ ਅੰਕੜੇ ਨੂੰ ਲੈ ਕੇ ਰਾਜਿੰਦਰਾ ਹਸਪਤਾਲ ਕਾਫੀ ਸੁਰਖ਼ੀਆਂ ’ਚ ਹੈ। ਪੀੜਤ ਪਰਿਵਾਰਾਂ ਵੱਲੋਂ ਕਈ ਮਾਮਲਿਆਂ ’ਚ ਡਾਕਟਰਾਂ ‘ਤੇ ਮਰੀਜ਼ਾਂ ਦੀ ਸੁਚੱਜੀ ਦੇਖ ਭਾਲ ਨਾ ਕਰਨ ਦੇ ਦੋਸ਼ ਵੀ ਲਾਏ ਗਏ ਹਨ। ਪਰ ਹਸਪਤਾਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮਰੀਜ਼ਾਂ ਨੂੰ ਦੇਰੀ ਨਾਲ ਲਿਆਉਣ ਕਾਰਨ ਮੌਤ ਦਰ ਵੱਧ ਰਹੀ ਹੈ।

ਜਾਣਕਾਰੀ ਮੁਤਾਬਕ ਰਾਜਿੰਦਰਾ ਹਸਪਤਾਲ ਵਿੱਚ ਸੂਬੇ ਸਮੇਤ ਕੁੱਝ ਹੋਰ ਸੂਬਿਆਂ ਤੋਂ ਵੀ ਮਰੀਜ਼ ਇਲਾਜ ਲਈ ਆਉਂਦੇ ਹਨ। ਇਸ ਹਸਪਤਾਲ ਵਿੱਚ 600 ਬੈੱਡ ਹਨ। ਜਾਣਕਾਰੀ ਮੁਤਾਬਕ ਢਾਈ ਸੌ ਬੈੱਡ ਹੋਰ ਵਧਾਏ ਜਾਣ ਦੀ ਸੰਭਾਵਨਾ ਹੈ। ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰੋਨਾ ਦੀ ਇਸ ਸਥਿਤੀ ਦੇ ਮੱਦੇਨਜ਼ਰ ਫੌਜ ਤੋਂ ਮਦਦ ਦੀ ਮੰਗ ਕੀਤੀ ਸੀ।

Exit mobile version