‘ਦ ਖ਼ਾਲਸ ਬਿਊਰੋ : ਸੰਗਰੂਰ ਦੇ ਪਿੰਡ ਮੰਗਵਾਲ ਪੰਚਾਇਤ ਨੇ ਇੱਕ ਵਿਲੱਖਣ ਫੈਸਲਾ ਕੀਤਾ ਹੈ। ਪੰਚਾਇਤ ਨੇ ਫੈਸਲਾ ਕੀਤਾ ਹੈ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਤੇ ਚੋਰੀ ਲੁੱਟ ਵਿੱਚ ਸ਼ਾਮਿਲ ਮੁਲਜ਼ਮਾਂ ਦਾ ਪਹਿਲਾਂ ਮੂੰਹ ਕਾਲਾ ਕੀਤਾ ਜਾਵੇਗਾ, ਫਿਰ ਪਿੰਡ ਵਿੱਚ ਘੁਮਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਸੌਂਪਿਆ ਜਾਵੇਗਾ। ਘਟਨਾ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦਾ ਪਰਿਵਾਰ ਨਾਲ ਅਤੇ ਪਿੰਡਵਾਸੀਆਂ ਨਾਲ ਕੋਈ ਨਾਤਾ ਨਹੀਂ ਰਹੇਗਾ। ਪਿੰਡਵਾਸੀ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਹਨ, ਜਿਸ ਕਰਕੇ ਪੰਚਾਇਤ ਨੇ ਹੁਣ ਇਹ ਫੈਸਲਾ ਲਿਆ ਹੈ।
ਇਸ ਤੋਂ ਪਹਿਲਾਂ ਕਪੂਰਥਲਾ ਦੇ ਪਿੰਡ ਭਦਾਸ ਦੀ ਪੰਚਾਇਤ ਨੇ ਵੀ ਆਨੰਦ ਕਾਰਜ ਦੀ ਰਸਮ ਅਤੇ ਨਸ਼ੇ ਨੂੰ ਖਤਮ ਕਰਨ ਦੇ ਲਈ ਅਹਿਮ ਫੈਸਲਾ ਲਿਆ ਸੀ ਜਿਸ ਕਾਫੀ ਤਾਰੀਫ ਹੋਈ ਸੀ । ਪੰਚਾਇਤ ਨੇ ਫੈਸਲਾ ਲਿਆ ਸੀ ਕਿ ਜੇਕਰ ਆਨੰਦ ਕਾਰਜ 12 ਵਜੇ ਤੋਂ ਪਹਿਲਾਂ ਨਹੀਂ ਹੋਇਆ ਤਾਂ ਬਾਰਾਤ ਨੂੰ 11 ਹਜ਼ਾਰ ਦਾ ਜੁਰਮਾਨ ਲੱਗੇਗਾ। ਇਸ ਤੋਂ ਇਲਾਵਾ ਲਾਵਾਂ ਫੇਰੇ ਦੌਰਾਨ ਲਾੜੀ ਨੂੰ ਲਹਿੰਗਾ ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ । ਸਿਰਫ਼ ਇਨ੍ਹਾਂ ਹੀ ਨਹੀਂ ਵਿਆਹ ਤੋਂ ਬਾਅਦ ਕੁੜੀ ਦੀ ਫੇਰਾ ਪਾਉਣ ਦੀ ਰਸਮ ਦੇ ਨਿਯਮ ਵੀ ਜਾਰੀ ਕੀਤੇ ਹਨ । ਕੁੜੀ ਦੇ ਸਹੁਰੇ ਪਰਿਵਾਰ ਤੋਂ ਇਲਾਵਾ ਹੋਰ ਕੋਈ ਨਹੀਂ ਹੋਵੇਗਾ ਨਹੀਂ ਤਾਂ 11000 ਹਜ਼ਾਰ ਦਾ ਜੁਰਮਾਨਾ ਲੱਗੇਗਾ । ਪੰਚਾਇਤ ਨੇ ਵਿਆਹ ਦੌਰਾਨ ਵਧਾਈ ਲੈਣ ਵਾਲੇ ਮਹੰਤਾ ਯਾਨੀ ਖੁਸਰਿਆ ਦੇ ਲਈ 5100 ਫਿਕਸ ਕੀਤੇ ਹਨ, ਜਦਕਿ ਭੰਡਾ ਤੇ ਬਾਜ਼ੀਗਰਾਂ ਦੇ ਲਈ 1100 ਰੁਪਏ, ਇਸ ਤੋਂ ਜ਼ਿਆਦਾ ਉਹ ਮੰਗ ਨਹੀਂ ਕਰ ਸਕਦੇ ਹਨ। ਪੰਚਾਇਤ ਨੇ ਕਿਹਾ ਕੀ ਇਸ ਦੇ ਲਈ ਉਨ੍ਹਾਂ ਨੂੰ ਸਰਕਾਰੀ ਸਰਟੀਫਿਕੇਟ ਵੀ ਵਿਖਾਉਣਾ ਹੋਵੇਗਾ। ਇੱਕ ਘਰ ਤੋਂ ਇੱਕ ਵਾਰ ਹੀ ਵਧਾਈ ਲਈ ਜਾਵੇਗੀ । ਇਸ ਤੋਂ ਇਲਾਵਾ ਪੰਚਾਇਤ ਨੇ ਇਲਾਕੇ ਵਿੱਚ ਲੰਗਰ ਅਤੇ ਨਸ਼ੇ ਨੂੰ ਲੈਕੇ ਵੀ ਗਾਈਡ ਲਾਈਨ ਜਾਰੀ ਕੀਤੀਆਂ ਹਨ ।
ਲੰਗਰ ਨੂੰ ਲੈਕੇ ਗਾਈਡ ਲਾਈਨ
ਪਿੰਡ ਵਿੱਚ ਲੰਗਰ ਸਿਰਫ਼ ਗੁਰੂ ਘਰ ਦੇ ਅੰਦਰ ਹੀ ਛੱਕਿਆ ਜਾਵੇਗਾ ਜੇਕਰ ਕੋਈ ਸ਼ਖ਼ਸ ਘਰੋ ਭਾਂਡਾ ਜਾਂ ਫਿਰ ਲੰਗਰ ਦੇ ਲਈ ਲਿਫਾਫਾ ਲੈਕੇ ਆਇਆ ਅਤੇ ਫੜਿਆ ਗਿਆ ਤਾਂ 10 ਹਜ਼ਾਰ ਜੁਰਮਾਨਾ ਅਤੇ 2 ਮਹੀਨੇ ਜੋੜੇ ਦੀ ਸੇਵਾ ਕਰਨੀ ਹੋਵੇਗੀ । ਜੇਕਰ ਕਮੇਟੀ ਦਾ ਮੈਬਰ,ਪ੍ਰਧਾਨ,ਲੰਬਰਦਾਰ,ਸਰਪੰਚ ਲੰਗਲ ਲਿਜਾਉਂਦੇ ਫੜੇ ਗਏ ਤਾਂ 30 ਹਜ਼ਾਰ ਜੁਰਮਾਨਾ ਅਤੇ 3 ਮਹੀਨੇ ਜੋੜਿਆ ਦੀ ਸੇਵਾ ਕਰਨੀ ਹੋਵੇਗੀ । ਲੰਗਰ ਪਕਾਉਣ ਵਾਲਾ ਕੋਈ ਆਪਣੇ ਨਾਲ ਲੰਗਰ ਲੈਕੇ ਗਿਆ ਤਾਂ ਉਸ ਨੂੰ 1100 ਰੁਪਏ ਜੁਰਮਾਨਾ ਦੇਣਾ ਹੋਵੇਗਾ ।
ਨਸ਼ੇ ਦੇ ਖਿਲਾਫ਼ ਫੈਸਲਾ
ਕਪੂਰਥਲਾ ਦੇ ਪਿੰਡ ਭਦਾਸ ਦੀ ਪੰਚਾਇਕ ਨਸ਼ੇ ਨੂੰ ਲੈਕੇ ਵੀ ਕਾਫੀ ਸਖ਼ਤ ਹੈ, ਜੇਕਰ ਪਿੰਡ ਵਿੱਚ ਜ਼ਰਦਾ,ਤੰਬਾਕੂ,ਖੈਣੀ ਫੜੀ ਗਈ ਤਾਂ 5 ਹਜ਼ਾਰ ਦਾ ਜੁਰਮਾਨਾ ਲੱਗੇਗਾ । ਜਿਸ ਤੋਂ ਇਲਾਵਾ ਨਸ਼ਾ ਵੇਚਣ ਵਾਲੇ ਬਾਰੇ ਪੰਚਾਇਤ ਨੂੰ ਕੋਈ ਜਾਣਕਾਰੀ ਦਿੰਦਾ ਹੈ ਤਾਂ ਉਸ ਨੂੰ ਇਨਾਮ ਦਿੱਤਾ ਜਾਵੇਗਾ ।