The Khalas Tv Blog India ਇੱਕ ਟੀਵੀ ਮਕੈਨਿਕ ਦੀ ਬੇਟੀ ਦੀ ਵੱਡੀ ਉਪਲਬਧੀ,ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਹਾਸਲ ਕੀਤਾ ਆਹ ਮੁਕਾਮ
India

ਇੱਕ ਟੀਵੀ ਮਕੈਨਿਕ ਦੀ ਬੇਟੀ ਦੀ ਵੱਡੀ ਉਪਲਬਧੀ,ਮੁਸ਼ਕਿਲ ਹਾਲਾਤਾਂ ਦੇ ਬਾਵਜੂਦ ਹਾਸਲ ਕੀਤਾ ਆਹ ਮੁਕਾਮ

ਮਿਰਜ਼ਾਪੁਰ : ਭਾਰਤ ਦੇ ਇੱਕ ਪ੍ਰਾਂਤ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੀ ਇੱਕ ਹੋਣਹਾਰ ਬੱਚੀ ਨੇ ਇੱਕ ਨਵੀਂ ਉਪਲਬੱਧੀ ਹਾਸਲ ਕੀਤੀ ਹੈ ਤੇ ਸਾਰੇ ਖਿਤੇ ਨੂੰ ਮਾਣ ਕਰਨ ਦਾ ਇੱਕ ਮੌਕਾ ਦਿੱਤਾ ਹੈ।  ਇੱਕ ਟੀਵੀ ਮਕੈਨਿਕ ਦੀ ਧੀ ਸਾਨੀਆ ਮਿਰਜ਼ਾ ਦੀ ਭਾਰਤੀ ਹਵਾਈ ਸੈਨਾ ਵਿੱਚ ਲੜਾਕੂ ਪਾਇਲਟ ਬਣਨ ਲਈ ਚੋਣ ਹੋਈ ਹੈ। ਇੱਕ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸਾਨਿਆ ਰਾਜ ਦੀ ਪਹਿਲੀ ਇੰਡੀਅਨ ਏਅਰ ਫੋਰਸ ਪਾਇਲਟ ਹੋਵੇਗੀ।

ਸਾਨੀਆ ਮਿਰਜ਼ਾ ਮਿਰਜ਼ਾਪੁਰ ਦੇਹਤ ਕੋਤਵਾਲੀ ਥਾਣਾ ਖੇਤਰ ਦੇ ਜਸੋਵਰ ਪਿੰਡ ਦੀ ਰਹਿਣ ਵਾਲੀ ਹੈ। ਉਸ ਨੇ ਐਨਡੀਏ ਦੀ ਪ੍ਰੀਖਿਆ ਪਾਸ ਕਰਕੇ ਇਹ ਮੁਕਾਮ ਹਾਸਲ ਕੀਤਾ। ਉਸ ਨੇ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਹਿੰਦੀ ਮਾਧਿਅਮ ਸਕੂਲ ਵਿੱਚ ਪੜ੍ਹਦੀ ਸਾਨੀਆ ਮਿਰਜ਼ਾ ਨੇ ਕਿਹਾ ਕਿ ਹਿੰਦੀ ਮਾਧਿਅਮ ਦੇ ਵਿਦਿਆਰਥੀ ਵੀ ਜੇਕਰ ਦ੍ਰਿੜ ਇਰਾਦੇ ਨਾਲ ਸਫ਼ਲਤਾ ਹਾਸਲ ਕਰ ਸਕਦੇ ਹਨ। 27 ਦਸੰਬਰ ਨੂੰ ਉਹ ਪੁਣੇ ‘ਚ ਖੜਕਵਾਸਲਾ ‘ਚ NDA ‘ਚ ਸ਼ਾਮਲ ਹੋਵੇਗੀ।

ਮਾਪਿਆਂ ਦੇ ਨਾਲ-ਨਾਲ ਪਿੰਡ ਵਾਸੀ ਵੀ ਸਾਨੀਆ ਮਿਰਜ਼ਾ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਸਾਨੀਆ ਦੇ ਪਿਤਾ ਸ਼ਾਹਿਦ ਅਲੀ ਨੇ ਕਿਹਾ, ‘ਸਾਨੀਆ ਮਿਰਜ਼ਾ ਦੇਸ਼ ਦੀ ਪਹਿਲੀ ਫਾਈਟਰ ਪਾਇਲਟ ਅਵਨੀ ਚਤੁਰਵੇਦੀ ਨੂੰ ਆਪਣਾ ਆਦਰਸ਼ ਮੰਨਦੀ ਹੈ। ਸ਼ੁਰੂ ਤੋਂ ਹੀ ਉਹ ਉਸ ਵਰਗਾ ਬਣਨਾ ਚਾਹੁੰਦੀ ਸੀ। ਸਾਨੀਆ ਦੇਸ਼ ਦੀ ਦੂਜੀ ਅਜਿਹੀ ਲੜਕੀ ਹੈ, ਜਿਸ ਨੂੰ ਫਾਈਟਰ ਪਾਇਲਟ ਵਜੋਂ ਚੁਣਿਆ ਗਿਆ ਹੈ।

ਉਸ ਨੇ ਪ੍ਰਾਇਮਰੀ ਤੋਂ 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਪੰਡਿਤ ਚਿੰਤਾਮਣੀ ਦੂਬੇ ਇੰਟਰ ਕਾਲਜ ਤੋਂ ਕੀਤੀ। ਇਸ ਤੋਂ ਬਾਅਦ ਉਹ ਸ਼ਹਿਰ ਦੇ ਗੁਰੂ ਨਾਨਕ ਗਰਲਜ਼ ਇੰਟਰ ਕਾਲਜ ਗਈ। ਉਹ 12ਵੀਂ ਯੂਪੀ ਬੋਰਡ ਵਿੱਚ ਜ਼ਿਲ੍ਹਾ ਟਾਪਰ ਸੀ। ਉਸਨੇ ਸੈਂਚੁਰੀਅਨ ਡਿਫੈਂਸ ਅਕੈਡਮੀ ਵਿੱਚ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ।

ਸਾਨੀਆ ਮਿਰਜ਼ਾ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਸੈਂਚੁਰੀਅਨ ਡਿਫੈਂਸ ਅਕੈਡਮੀ ਨੂੰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਡਿਫੈਂਸ ਅਕੈਡਮੀ 2022 ਦੀ ਪ੍ਰੀਖਿਆ ਵਿੱਚ ਲੜਾਕੂ ਪਾਇਲਟਾਂ ਵਿੱਚ ਔਰਤਾਂ ਲਈ ਸਿਰਫ਼ ਦੋ ਸੀਟਾਂ ਰਾਖਵੀਆਂ ਸਨ। “ਮੈਂ ਪਹਿਲੀ ਕੋਸ਼ਿਸ਼ ਵਿੱਚ ਸੀਟ ਹਾਸਲ ਨਹੀਂ ਕਰ ਸਕੀ ਸੀ ਪਰ ਮੈਂ ਆਪਣੀ ਦੂਜੀ ਕੋਸ਼ਿਸ਼ ਵਿੱਚ ਕਾਮਯਾਬੀ ਮਿਲੀ ਹੈ ।”

ਨੈਸ਼ਨਲ ਡਿਫੈਂਸ ਅਕੈਡਮੀ 2022 ਦੀ ਪ੍ਰੀਖਿਆ ਵਿੱਚ ਪੁਰਸ਼ ਅਤੇ ਔਰਤਾਂ ਸਮੇਤ ਕੁੱਲ 400 ਸੀਟਾਂ ਸਨ। ਜਿਸ ਵਿੱਚ 19 ਸੀਟਾਂ ਔਰਤਾਂ ਲਈ ਅਤੇ ਦੋ ਸੀਟਾਂ ਲੜਾਕੂ ਪਾਇਲਟਾਂ ਲਈ ਰਾਖਵੀਆਂ ਸਨ। ਇਨ੍ਹਾਂ ਦੋਵਾਂ ਸੀਟਾਂ ‘ਤੇ ਸਾਨੀਆ ਆਪਣੀ ਪ੍ਰਤਿਭਾ ਦੇ ਦਮ ‘ਤੇ ਜਗ੍ਹਾ ਬਣਾਉਣ ‘ਚ ਕਾਮਯਾਬ ਰਹੀ ਹੈ ਤੇ ਆਪਣੇ ਸੂਬੇ ਤੇ ਪਰਿਵਾਰ ਦਾ ਨਾਂ ਸਾਰੇ ਦੇਸ਼ ਵਿੱਚ ਉੱਚਾ ਕੀਤਾ ਹੈ। ਸਾਨੀਆ ਨੇ ਆਪਣੀ ਇਸ ਕਾਮਯਾਬੀ ਰਾਹੀਂ ਸਾਬਿਤ ਕਰ ਦਿੱਤਾ ਹੈ ਕਿ ਸਾਧਾਰਣ ਘਰਾਂ ਦੀਆਂ ਕੁੜੀਆਂ ਵੀ ਮਿਹਨਤ ਕਰਕੇ ਉੱਚਾ ਮੁਕਾਮ ਹਾਸਲ ਕਰ ਸਕਦੀਆਂ ਹਨ।

Exit mobile version