ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਆਏ ਦਿਨ ਸੁਰਖੀਆਂ ਵਿੱਚ ਆ ਰਹੀ ਹੈ। ਸ੍ਰੀ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਵਿਚ ਇਕ ਕੈਦੀ ਨੇ ਆਪਣੇ ਗਲੇ ਵਿਚ ਫਾਹਾ ਲਾਹ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਤਰਾਂ ਮੁਤਾਬਕ ਕੈਦੀ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਨਸ਼ਾ ਨਹੀਂ ਮਿਲ ਰਿਹਾ ਸੀ।
ਕੈਦੀ ਨੂੰ ਨਜ਼ਰਬੰਦ ਕੀਤਾ ਹੋਇਆ ਸੀ ਤੇ ਉਸ ਨੇ ਉਸੇ ਜਗ੍ਹਾ ਉਪਰ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਪੁਲਿਸ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਦੋਂ ਇਸ ਘਟਨਾ ਦਾ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਹ ਫੌਰਨ ਉਸ ਨੂੰ ਲੈ ਕੇ ਤਰਨਤਾਰਨ ਦੇ ਸਿਵਲ ਸਰਕਾਰੀ ਹਸਪਤਾਲ ਵਿਚ ਪਹੁੰਚੇ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਜੇ ਤੱਕ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਨਹੀਂ ਹੈ। ਪੁਲਿਸ ਆਪਣੀ ਕਾਰਵਾਈ ਵਿਚ ਲੱਗੀ ਹੋਈ ਹੈ। ਕੈਦੀ ਨੂੰ 22 ਮਾਰਚ ਨੂੰ ਹੀ ਜੇਲ੍ਹ ਵਿਚ ਲਿਆਂਦਾ ਗਿਆ। 8 ਦਿਨ ਬਾਅਦ ਹੀ ਉਸ ਨੇ ਫੰਦਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਕੀ ਇਸ ਵਿਚ ਜੇਲ੍ਹ ਪ੍ਰਸ਼ਾਸਨ ਦੀ ਕੋਈ ਗਲਤੀ ਹੈ। ਆਏ ਦਿਨ ਹੀ ਕੇਂਦਰੀ ਜੇਲ੍ਹ ਵਿਚ ਕੋਈ ਨਾ ਕੋਈ ਘਟਨਾ ਦੇਖਣ ਨੂੰ ਮਿਲ ਰਹੀ ਹੈ। ਮ੍ਰਿਤਕ ਦਾ ਪਛਾਣ ਬਲਵਿੰਦਰ ਸਿੰਘ ਪੁੱਤਰ ਮੇਘਾ ਸਿੰਘ ਪਿੰਡ ਮੱਲ ਮੋਰੀ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਗੋਇੰਦਵਾਲ ਸਾਹਿਬ ਅਰੁਣ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮ੍ਰਿਤਕ ਬਲਵਿੰਦਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।