The Khalas Tv Blog Punjab ਸੀਲਬੰਦ ਹੋਈ ਕਮੇਟੀ ਦੀ ਰਿਪੋਰਟ,ਹੁਣ ਪੰਜ ਪਿਆਰੇ ਕਰਨਗੇ ਫੈਸਲਾ
Punjab

ਸੀਲਬੰਦ ਹੋਈ ਕਮੇਟੀ ਦੀ ਰਿਪੋਰਟ,ਹੁਣ ਪੰਜ ਪਿਆਰੇ ਕਰਨਗੇ ਫੈਸਲਾ

ਅੰਮ੍ਰਿਤਸਰ : ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਫਰਵਰੀ 2023 ਨੂੰ 16 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਸਿੱਖ ਪੰਥ ਦੀਆਂ ਕਈ ਵਿਦਵਾਨ ਸ਼ਖਸੀਅਤਾਂ ‘ਤੇ ਨੂੰ ਸ਼ਾਮਿਲ ਕੀਤਾ ਗਿਆ ਸੀ।ਜਿਹਨਾਂ ਦੀ ਅੱਜ ਮੀਟਿੰਗ ਹੋਈ ਹੈ ਤੇ ਇਸ ਸਾਰੀ ਕਾਰਵਾਈ ਦੀ ਵੀਡੀਓਗਰਾਫੀ ਵੀ ਕੀਤੀ ਗਈ। ਇਸ ਮੀਟਿੰਗ ਵਿੱਚ ਸਾਰਿਆਂ ਦੀ ਸਰਵਸੰਮਤੀ ਨਾਲ ਜੋ ਫੈਸਲੇ ਲਏ ਗਏ ਹਨ,ਉਸ ਬਾਰੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੱਤੀ ਹੈ ਤੇ ਕਿਹਾ ਹੈ ਕਿ ਲਿਆ ਗਿਆ ਫੈਸਲਾ ਇੱਕ ਲਿਫਾਫੇ ਵਿੱਚ ਸੀਲਬੰਦ ਕਰ ਕੇ ਕਮੇਟੀ ਦੇ ਕੋਆਰਡੀਨੇਟਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਹਵਾਲੇ ਕਰ ਦਿੱਤਾ ਗਿਆ ਹੈ,ਜਿਸ ਨੂੰ ਸਿੰਘ ਸਾਹਿਬਾਨ ਤੱਕ ਪਹੁੰਚਾਇਆ ਜਾਵੇਗਾ ਤੇ ਉਸ ਤੋਂ ਬਾਅਦ ਪੰਜ ਪਿਆਰੇ ਉਸ ‘ਤੇ ਫੈਸਲਾ ਲੈਣਗੇ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ  ਸਬ ਕਮੇਟੀ ਬਣਾਏ ਜਾਣ ਦਾ ਐਲਾਨ ਕੀਤਾ ਸੀ ਤਾਂ ਜੋ ਇਸ ਗੱਲ ਦੀ ਜਾਂਚ ਕੀਤੀ ਜਾ ਸਕੇ ਕਿ ਕੀ ਧਰਨੇ ,ਰੋਸ ਮੁਜਾਹਰਿਆਂ ਤੇ ਕਬਜੇ ਵਾਲੀਆਂ ਜਗਾਵਾਂ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦੇ ਨਾਲ ਉਹਨਾਂ ਦੇ ਮਾਨ-ਸਨਮਾਨ ਤੇ ਮਰਿਆਦਾ ਨੂੰ ਠੇਸ ਪਹੁੰਚਣ ਦਾ ਖਦਸ਼ਾ ਹੈ ?ਇਸ ਵਿੱਚ 15 ਮੈਂਬਰ ਸ਼ਾਮਲ ਕੀਤੇ ਗਏ ਸੀ ਤੇ ਇਹ ਸਾਰੇ  ਸਿੱਖ ਸੰਪ੍ਰਦਾਵਾਂ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਵਿਦਵਾਨਾਂ ਵਿੱਚੋਂ ਲਏ ਗਏ ਸੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਹਰਮੀਤ ਸਿੰਘ ਕਾਲਕਾ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇਹਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ,ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ,ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ,ਨਿਹੰਗ ਜਥੇਬੰਦੀ ਦੇ ਬਾਬਾ ਬਲਬੀਰ ਸਿੰਘ,ਤਰਨਾ ਦਲ ਨਿਹੰਗ ਜਥੇਬੰਦੀ ਦੇ ਮੁਖੀ ਬਾਬਾ ਗੱਜਣ ਸਿੰਘ,ਬਾਬਾ ਮੇਜਰ ਸਿੰਘ ਨਿਹੰਗ ਵੀ ਇਸ ਕਮੇਟੀ ਵਿੱਚ ਸ਼ਾਮਲ ਹਨ ਤੇ ਅਕਾਲੀ ਦਲ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਇਸ ਕਮੇਟੀ ਦਾ ਕੋ-ਆਰਡੀਨੇਟਰ ਲਗਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਵਿਖੇ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲੈ ਕੇ ਥਾਣੇ ਦਾ ਘਿਰਾਓ ਕੀਤਾ ਗਿਆ ਸੀ। ਜਿਸਦੀ ਵਿਰੋਧੀ ਧਿਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤੇ ਕਈ ਸਵਾਲ ਵੀ ਉੱਠੇ ਸਨ। ਜਿਸ ਮਗਰੋਂ ਇਸ ਮਾਮਲੇ ਵਿੱਚ ਪਾਲਕੀ ਸਾਹਿਬ ਥਾਣੇ ਅਤੇ ਧਰਨੇ ਪ੍ਰਦਰਸ਼ਨਾਂ ਵਿੱਚ ਲੈ ਕੇ ਜਾਣ ਬਾਰੇ ਸ਼੍ਰੋਮਣੀ ਕਮੇਟੀ ਨੇ ਇੱਕ ਸਬ ਕਮੇਟੀ ਗਠਿਤ ਕੀਤੀ । ਜਿਸ ਨੇ ਇਸ 15 ਦਿਨਾਂ ਵਿੱਚ ਆਪਣੀ ਜਾਂਚ ਪੂਰੀ ਕਰ ਕੇ ਰਿਪੋਰਟ ਦੇਣੀ ਸੀ ।

Exit mobile version