The Khalas Tv Blog Punjab ਸਰਪੰਚੀ ਲਈ ਵੱਡੀ ਗਿਣਤੀ ਵਿੱਚ ਨਾਮਜ਼ਦਗੀਆਂ ਰੱਦ
Punjab

ਸਰਪੰਚੀ ਲਈ ਵੱਡੀ ਗਿਣਤੀ ਵਿੱਚ ਨਾਮਜ਼ਦਗੀਆਂ ਰੱਦ

ਪੰਜਾਬ ਦੀਆਂ ਪੰਚਾਇਤ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਵਿਰੋਧੀ ਧਿਰਾਂ ਵੱਲੋਂ ਧੱਕੇਸ਼ਾਹੀ ਦੇ ਇਲਜ਼ਾਮਾਂ ਵਿਚਾਲੇ ਹੁਣ ਵੱਡੀ ਖਬਰ ਆਈ ਹੈ। ਸਰਪੰਚ ਬਣਨ ਦੇ 3,683 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋ ਗਏ ਹਨ, ਜਦੋਂਕਿ ਪੰਚ ਬਣਨ ਦੇ 11,734 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ। ਦੱਸ ਦਈਏ ਕਿ ਜਿਨ੍ਹਾਂ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਇਲਜ਼ਾਮ ਲਾਏ ਹਨ ਕਿ ਬਿਨਾਂ ਠੋਸ ਆਧਾਰ ਤੋਂ ਹੀ ਉਨ੍ਹਾਂ ਦੇ ਕਾਗ਼ਜ਼ ਰੱਦ ਕੀਤੇ ਗਏ ਹਨ।

ਕਈ ਉਮੀਦਵਾਰਾਂ ਨੇ ਕਾਗ਼ਜ਼ ਰੱਦ ਹੋਣ ਤੋਂ ਬਾਅਦ  ਹਾਈਕੋਰਟ ਦਾ ਰੁਖ਼ ਕਰ ਲਿਆ ਹੈ। ਬਹੁਤੇ ਕਾਗ਼ਜ਼ ਰੱਦ ਕਰਨ ਪਿੱਛੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਣ ਨੂੰ ਆਧਾਰ ਬਣਾਇਆ ਗਿਆ ਹੈ। ਪੰਜਾਬ ਰਾਜ ਚੋਣ ਕਮਿਸ਼ਨ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰਾਂ ਵੱਲੋਂ ਪੜਤਾਲ ਦੌਰਾਨ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਸਰਪੰਚਾਂ ਲਈ 247 ਤੇ ਪੰਚਾਂ ਲਈ 1387 ਨਾਮਜ਼ਦਗੀਆਂ ਰੱਦ ਹੋਈਆਂ ਹਨ।

ਇਸ ਤਰ੍ਹਾਂ ਬਠਿੰਡਾ ਵਿੱਚ ਸਰਪੰਚਾਂ ਲਈ 68 ਤੇ ਪੰਚਾਂ ਲਈ 248 ਨਾਮਜ਼ਦਗੀਆਂ ਰੱਦ ਹੋਈਆਂ ਹਨ, ਜਦੋਂਕਿ ਬਰਨਾਲਾ ਵਿੱਚ ਸਰਪੰਚਾਂ ਲਈ 20 ਤੇ ਪੰਚਾਂ ਲਈ 30 ਨਾਮਜ਼ਦਗੀਆਂ ਰੱਦ ਹੋਈਆਂ ਹਨ।  ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਵਿੱਚ ਸਰਪੰਚਾਂ ਲਈ 106 ਤੇ ਪੰਚਾਂ ਲਈ 242 ਨਾਮਜ਼ਦਗੀਆਂ, ਫਰੀਦਕੋਟ ਵਿੱਚ ਸਰਪੰਚਾਂ ਲਈ 70 ਤੇ ਪੰਚਾਂ ਲਈ 209 ਨਾਮਜ਼ਦਗੀਆਂ, ਫ਼ਾਜ਼ਿਲਕਾ ਵਿੱਚ ਸਰਪੰਚਾਂ ਲਈ 52 ਤੇ ਪੰਚਾਂ ਲਈ 138 ਨਾਮਜ਼ਦਗੀਆਂ, ਗੁਰਦਾਸਪੁਰ ਵਿੱਚ ਸਰਪੰਚਾਂ ਲਈ 1208 ਤੇ ਪੰਚਾਂ ਲਈ 3533 ਨਾਮਜ਼ਦਗੀਆਂ ਰੱਦ ਹੋਈਆਂ ਹਨ।

ਨਾਭਾ ਦੇ ਬਲਾਕ ਲੋਹਾਰ ਮਾਜਰਾ ਤੋਂ ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡਵਾਸੀਆਂ ਨੇ ਸਰਬਸਮੰਤੀ ਨਾਲ ਸਰਪੰਚ ਚੁਣਿਆ, ਬਾਕੀਆਂ ਨੇ ਕਾਗਜ ਵਾਪਸ ਲੈ ਲਏ।

ਹੁਸ਼ਿਆਰਪੁਰ ਚ ਕੋਟਫ਼ਤੂਹੀ ਦੇ ਨਜ਼ਦੀਕੀ ਪਿੰਡ ਬੁੱਗਰਾ ਦੀ ਪੰਚਾਇਤ ਵੀ ਸਰਬਸੰਮਤੀ ਨਾਲ ਚੁਣੀ ਗਈ, ਅਮਨਦੀਪ ਕੌਰ ਪਤਨੀ ਰੋਹਿਤ ਸਿੰਘ ਨੂੰ ਸਰਪੰਚ ਚੁਣਿਆ ਗਿਆ ਜਦਕਿ ਗਿਆਨ ਚੰਦ, ਮੋਹਣ ਲਾਲ, ਕਮਲਜੀਤ ਕੌਰ, ਹਰਬੰਸ ਕੌਰ, ਤਰਨਜੀਤ ਸਿੰਘ ਆਦਿ ਸਰਬਸੰਮਤੀ ਨਾਲ ਪੰਚ ਚੁਣੇ ਗਏ ਹਨ।

ਸੰਗਰੂਰ ਚ ਭਵਾਨੀਗੜ੍ਹ ਦੇ ਪਿੰਡ ਝਨੇੜੀ ਵਿਖੇ ਪਿੰਡ ਵਾਸੀਆਂ ਨੇ ਕਰੀਬ ਸਾਢੇ 4 ਦਹਾਕਿਆਂ ਬਾਅਦ ਸਰਬਸੰਮਤੀ ਕਰਦਿਆਂ ਗੁਰਮੀਤ ਸਿੰਘ ਮੀਤਾ ਨੂੰ ਸਰਪੰਚ ਬਣਾਇਆ ਅਤੇ 5 ਪੰਚਾਂ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ ਜਦੋਂਕਿ ਪਿੰਡ ਦੇ 4 ਵਾਰਡਾਂ ਵਿਚ ਪੰਚਾਂ ਦੀ ਚੋਣ ਕੀਤੀ ਜਾ ਰਹੀ ਹੈ।

ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਬਲਾਕ ਅਜਨਾਲਾ ਅੰਦਰ 26 ਸਰਪੰਚ ਅਤੇ 202 ਪੰਚ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ ਅਤੇ ਬਲਾਕ ਰਮਦਾਸ ਅੰਦਰ 27 ਸਰਪੰਚ ਅਤੇ 220 ਪੰਚ ਬਿਨਾਂ ਮੁਕਾਬਲਾ ਚੋਣ ਜਿੱਤੇ ਹਨI ਇਸ ਤੋਂ ਇਲਾਵਾ ਬਲਾਕ ਹਰਸ਼ਾ ਛੀਨਾ ਅਧੀਨ ਵਿਚ ਵੀ ਹਲਕਾ ਅਜਨਾਲਾ ਨਾਲ ਸੰਬੰਧਿਤ 6 ਤੋਂ ਵੱਧ ਸਰਪੰਚ ਬਿਨਾਂ ਮੁਕਾਬਲਾ ਚੋਣ ਜਿੱਤੇ ਹਨI

ਪੰਚਾਇਤੀ ਚੋਣਾਂ ਵਿਚ ਧੱਕੇਸ਼ਾਹੀ ਦੇ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸੜਕ ‘ਤੇ ਬੈਠ ਕੇ ਲਾਏ ਜਾ ਰਹੇ ਧਰਨੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਤੇ ਨਾਲ ਹੀ ਧਰਨੇ ਵਿਚ ਬੈਠ ਗਏ … ਤਨਖਾਹੀਆ ਐਲਾਨੇ ਜਾਣ ਤੋਂ ਬਾਅਦ ਪਹਿਲੀ ਵਾਰ ਸੁਖਬੀਰ ਨੂੰ ਜਨਤਕ ਤੌਰ ਤੇ ਦੇਖਿਆ ਗਿਆ ਹੈ।

Exit mobile version