ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ।
ਇਸ ਨਗਰ ਕੀਰਤਨ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਅਜਾਇਬ ਸਿੰਘ ਅਭਿਆਸੀ, ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ, ਸਕੱਤਰ ਪ੍ਰਤਾਪ ਸਿੰਘ, ਵਧੀਕ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਮੀਤ ਸਕੱਤਰ ਜਸਵਿੰਦਰ ਸਿੰਘ ਜੱਸੀ, ਮੈਨੇਜਰ ਰਜਿੰਦਰ ਸਿੰਘ ਰੂਬੀ, ਨਰਿੰਦਰ ਸਿੰਘ ਮਥਰੇਵਾਲ, ਬਲਕੀਰ ਸਿੰਘ ਬਹਿੜਵਾਲ, ਸੁਪਰਡੈਂਟ ਨਿਸ਼ਾਨ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਅਮਰਦੀਪ ਸਿੰਘ ਢੋਟ ਸਮੇਤ ਹੋਰ ਸ਼੍ਰੋਮਣੀ ਕਮੇਟੀ ਅਧਿਕਾਰੀ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹਨ। ਘੰਟਾ ਘਰ ਪਲਾਜਾ ਵਿਖੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ.ਸੀ.ਪੀ. ਜਗਜੀਤ ਸਿੰਘ ਵਾਲੀਆ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਪੁਰਾਤਨ 12 ਦਰਵਾਜ਼ਿਆਂ ਦੇ ਬਾਹਰੋਂ ਦੀ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ।
ਨਗਰ ਕੀਰਤਨ ਪਲਾਜ਼ਾ ਘੰਟਾ ਘਰ, ਜਲ੍ਹਿਆਂਵਾਲਾ ਬਾਗ, ਘੀਰਾ ਮੰਡੀ ਚੌਕ, ਸ਼ੇਰਾ ਵਾਲਾ ਗੇਟ, ਮਹਾਂ ਸਿੰਘ ਗੇਟ, ਚੌਕ ਰਾਮ ਬਾਗ, ਹਾਲ ਗੇਟ, ਹੱਥੀ ਗੇਟ, ਲੋਹਗੜ੍ਹ ਗੇਟ, ਲਾਹੌਰੀ ਗੇਟ, ਬੇਰੀ ਗੇਟ, ਖਜ਼ਾਨਾ ਗੇਟ, ਗੇਟ ਹਕੀਮਾ, ਭਗਤਾ ਚੌਂਕ ਵਾਲਾ, ਭਗਤਾ ਚੌਂਕ ਵਾਲਾ ਤੋਂ ਹੁੰਦਾ ਹੋਇਆ ਗੁਜ਼ਰੇਗਾ। ਘਿਉ ਮੰਡੀ ਚੌਕ ਤੋਂ ਹੁੰਦਾ ਹੋਇਆ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਪਤ ਹੋਇਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ ਅਤੇ ਰਵਾਇਤੀ ਸ਼ਬਦ ਕੀਰਤਨ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿਚ ਪੰਥ ਦੇ ਨਾਮਵਰ ਰਾਗੀ ਜਥੇ ਸੰਗਤਾਂ ਨੂੰ ਰਾਗ ਆਧਾਰਿਤ ਕੀਰਤਨ ਕਰਨਗੇ |
ਗੁਰੂ ਜੀ ਦੇ ਪ੍ਰਕਾਸ਼ ਪੁਰਬ, 8 ਅਕਤੂਬਰ ਨੂੰ ਦਿਨ ਭਰ ਧਾਰਮਿਕ ਦੀਵਾਨ ਸਜਾਏ ਜਾਣਗੇ। ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਵਿਸ਼ੇਸ਼ ਸਜਾਵਟ ਵੀ ਕੀਤੀ ਜਾਵੇਗੀ। ਹਰਿਮੰਦਰ ਸਾਹਿਬ ਵਿਖੇ ਆਤਿਸ਼ਬਾਜ਼ੀ ਵੀ ਦਿਖਾਈ ਜਾਵੇਗੀ।