The Khalas Tv Blog Punjab ‘84 ਦੇ ਜ਼ਖ਼ਮਾਂ ਨੂੰ ਅੱਲ੍ਹੇ ਕਰਨ ਵਾਲੇ ਕਾਂਗਰਸੀ ਖਿਲਾਫ਼ ਮੁਕੱਦਮਾ ਦਰਜ
Punjab

‘84 ਦੇ ਜ਼ਖ਼ਮਾਂ ਨੂੰ ਅੱਲ੍ਹੇ ਕਰਨ ਵਾਲੇ ਕਾਂਗਰਸੀ ਖਿਲਾਫ਼ ਮੁਕੱਦਮਾ ਦਰਜ

ਦ ਖ਼ਾਲਸ ਬਿਊਰੋ : ਸਿੱਖ ਕੌਮ ਦੇ 1984 ਦੇ ਜ਼ਖ਼ਮਾਂ ਨੂੰ ਅੱਲ੍ਹੇ ਕਰਨ ਵਾਲੇ ਕਾਂਗਰਸੀ ਵਰਕਰ ਖਿਲਾਫ਼ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ। ਬੀਤੇ ਕੱਲ੍ਹ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੀ ਫੋਟੋ ਲੱਗੀ ਟੀ-ਸ਼ਰਟ ਪਾ ਕੇ ਇੱਕ ਕਾਂਗਰਸੀ ਵਰਕਰ ਕਰਮਜੀਤ ਗਿੱਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਸੀ ਅਤੇ ਪਰਿਕਰਮਾ ਉੱਤੇ ਤਸਵੀਰਾਂ ਵੀ ਖਿਚਵਾਈਆਂ ਸਨ। ਇਨ੍ਹਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਹੁਣ ਕਾਂਗਰਸੀ ਵਰਕਰ ਕਰਮਜੀਤ ਗਿੱਲ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। SGPC ਦੀ ਸ਼ਿਕਾਇਤ ‘ਤੇ ਕਰਮਜੀਤ ਖਿਲਾਫ਼ ਧਾਰਾ 153-A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੀ ਨਿੰਦਾ ਕਰਦਿਆਂ SGPC ਪ੍ਰਧਾਨ ਐਡਵੋਕਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਗਦੀਸ਼ ਟਾਈਟਲਰ 1984 ਕਤਲੇਆਮ ਦਾ ਮੁੱਖ ਦੋਸ਼ੀ ਹੈ। ਅਜਿਹੇ ਵਿਅਕਤੀ ਦੀ ਤਸਵੀਰ ਵਾਲੀ ਟੀ-ਸ਼ਰਟ ਪਾਉਣਾ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਆਉਣਾ ਇੱਕ ਅਜਿਹੀ ਘਟਨਾ ਹੈ ਜੋ ਸਿੱਖਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ।

ਇਸ ਮਾਮਲੇ ਵਿਚ SGPC ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟੀ-ਸ਼ਰਟ ਪਾ ਕੇ ਤਸਵੀਰ ਖਿਚਵਾਉਣ ਵਾਲਾ ਕਰਮਜੀਤ ਆਪਣੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਸੀ। ਉਹ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਿਆ ਅਤੇ ਜਦੋਂ ਪਰਿਕਰਮਾ ‘ਤੇ ਮੌਜੂਦ ਸੇਵਾਦਾਰ ਉਥੋਂ ਹਟੇ ਤਾਂ ਉਸਨੇ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਫੋਟੋ ਖਿਚਵਾ ਲਈ। ਜਿਵੇਂ ਹੀ ਸੇਵਾਦਾਰ ਦੁਬਾਰਾ ਉਸ ਜਗ੍ਹਾ ਪਹੁੰਚੇ ਤਾਂ ਉਸਨੇ ਤੁਰੰਤ ਟੀ-ਸ਼ਰਟ ਪਹਿਨ ਕੇ ਉਸਨੂੰ ਲੁਕੋ ਲਿਆ।

ਦੂਜੇ ਪਾਸੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਪੱਪੂ ਦਾ ਕਹਿਣਾ ਹੈ ਕਿ ਕਰਮਜੀਤ ਸਿੰਘ ਗਿੱਲ ਜਿਸ ਖ਼ਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਪੁਲੀਸ ਸ਼ਿਕਾਇਤ ਦਰਜ ਕਰਵਾਈ ਗਈ ਹੈ, ਦਾ ਕਾਂਗਰਸ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਕਾਂਗਰਸ ਪਾਰਟੀ ਦਾ ਮੈਂਬਰ ਨਹੀਂ ਹੈ ਤੇ ਨਾ ਹੀ ਕਾਂਗਰਸ ਦਾ ਉਸ ਨਾਲ ਕੋਈ ਸਬੰਧ ਹੈ।

Exit mobile version