The Khalas Tv Blog Punjab ਪੰਥਕ ਸ਼ਖਸੀਅਤਾਂ ਵੱਲੋਂ ਸਿੱਖਾਂ ਦੀ ਏਕਤਾ ‘ਕੱਠੀ ਕਰਨ ਖਾਤਰ ਹੰਭਲਾ ਮਾਰਨ ਦਾ ਸੱਦਾ
Punjab

ਪੰਥਕ ਸ਼ਖਸੀਅਤਾਂ ਵੱਲੋਂ ਸਿੱਖਾਂ ਦੀ ਏਕਤਾ ‘ਕੱਠੀ ਕਰਨ ਖਾਤਰ ਹੰਭਲਾ ਮਾਰਨ ਦਾ ਸੱਦਾ

‘ਦ ਖ਼ਾਲਸ ਬਿਊਰੋ : ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅੱਜ ਕੁਝ ਪੰਥਕ ਸ਼ਖਸੀਅਤਾਂ ਵੱਲੋਂ ਸਿੱਖਾਂ ਅਤੇ ਪੰਜਾਬ ਦੇ ਵਰਤਮਾਨ ਹਾਲਾਤਾਂ ’ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਦਿੱਲੀ ਸਰਕਾਰ ਦੇ ਸਿੱਖਾਂ ਪ੍ਰਤੀ ਰੁਖ਼ ਬਾਰੇ ਗੰਭੀਰ ਵਿਚਾਰ ਕੀਤੀ ਗਈ ਕਿ ਦਿੱਲੀ ਦਰਬਾਰ ਵੱਲੋਂ ਸਿੱਖਾਂ ਦੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਹੋਰ ਵੀ ਜ਼ਿਆਦਾ ਕੱਸਿਆ ਜਾ ਰਿਹਾ ਹੈ। ਖ਼ਾਲਸਾ ਪੰਥ ਦੇ ਤਖਤਾਂ ਦੀ ਸਰਵਉੱਚਤਾ, ਮਾਣ ਪ੍ਰਤਿਸ਼ਠਾ, ਸਿਧਾਤਾਂ ਅਤੇ ਰਵਾਇਤਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੂਜੀਆਂ ਗੁਰਦੁਆਰਾ ਪ੍ਰਬੰਧਕ ਸੰਸਥਾਵਾਂ ਅਤੇ ਸਿਆਸਤ ਵਿੱਚ ਸਰਗਰਮ ਸਿੱਖ ਸਿਆਸੀ ਪਾਰਟੀਆਂ ਦੀ ਭਰੋਸੇ ਯੋਗਤਾ ਅਤੇ ਜਥੇਬੰਦਕ ਸਮਰੱਥਾ ਢਹਿੰਦੀ ਕਲਾ ਵਿੱਚ ਹੈ। ਮੌਜੂਦਾ ਸਮੇਂ ਵਿੱਚ ਵੱਖ-ਵੱਖ ਸਿੱਖ ਜਥਿਆਂ, ਦਲਾਂ, ਪਾਰਟੀਆਂ, ਸੰਸਥਾਵਾ ਅਤੇ ਸੰਪਰਦਾਵਾਂ ਵਿੱਚ ਏਕਤਾ ਦੀ ਥਾਂ ਬੇਵਿਸ਼ਵਾਸੀ ਪੈਦਾ ਹੋ ਗਈ ਹੈ ਅਤੇ ਆਪਸੀ ਖਿੱਚੋਤਾਣ ਵੱਧ ਰਹੀ ਹੈ। ਇਸ ਬੇਇਤਫਾਕੀ ਦਾ ਦਿੱਲੀ ਦਰਬਾਰ ਅਤੇ ਪੰਥ ਤੇ ਪੰਜਾਬ ਵਿਰੋਧੀ ਤਾਕਤਾਂ ਲਾਹਾ ਲੈ ਰਹੀਆਂ ਹਨ। ਅਜਿਹੇ ਹਾਲਾਤਾਂ ਵਿੱਚ ਗੁਰੂ ਖਾਲਸਾ ਪੰਥ ਦੀ ਸ਼ਕਤੀ ਨੂੰ ਗੁਰਮਤਿ ਅਤੇ ਖਾਲਸਾਈ ਜੁਗਤ ਅਨੁਸਾਰ ਇਕ ਲੜੀ ਵਿਚ ਪਰੋਣ ਦੇ ਸੁਹਿਰਦ ਅਤੇ ਨਿਸ਼ਕਾਮ ਯਤਨਾਂ ਦੀ ਲੋੜ ਵੱਲ ਧਿਆਨ ਦਿੱਤਾ ਗਿਆ।

ਮੀਟਿੰਗ ਵਿੱਚ ਪੰਥਕ ਮਸਲਿਆਂ ਦੇ ਹੱਲ ਲਈ ਇੱਕ ਸਰਬਸਾਂਝਾ ਪੰਥਕ ਮੰਚ ਉਸਾਰਨ ਦਾ ਸੁਝਾਅ ਦਿੱਤਾ ਗਿਆ ਤਾਂ ਜੋ ਸਾਰੀਆਂ ਪੰਥਕ ਧਿਰਾਂ ਵਿੱਚ ਇੱਕ ਪੁਲ ਵਾਲੀ ਭੂਮਿਕਾ ਨਿਭ ਸਕੇ। ਮੀਟਿੰਗ ਵਿੱਚ ਫੈਸਲਾ ਹੋਇਆ ਹੈ ਕਿ 21 ਅਕਤੂਬਰ 2022 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਥਕ ਮਸਲਿਆਂ ਉੱਤੇ ਪਹਿਲੀ ਵਿਚਾਰ ਗੋਸ਼ਟੀ ਕੀਤੀ ਜਾਵੇਗੀ। ਪੰਥਕ ਸਖਸ਼ੀਅਤਾਂ ਵਿੱਚ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਸਮੇਤ ਹੋਰ ਕਈ ਸ਼ਖਸੀਅਤਾਂ ਮੌਜੂਦ ਸਨ।

Exit mobile version