ਅੰਮ੍ਰਿਤਸਰ : ਪੰਜਾਬ ਦੀ ਕਾਨੂੰਨ ਅਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਸੂਬੇ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਲੈ ਕੇ ਆਮ ਲੋਕਾਂ ਦੇ ਦਿਲਾਂ ਵਿੱਚ ਖੌਫ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਸੇ ਦੌਰਾਨ ਲੁੱਟ ਖੋਹ ਦੀ ਇੱਕ ਹੋਰ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਲੁਟੇਰਿਆਂ ਵੱਲੋਂ PNB ਬੈਂਕ ਨੂੰ ਲੁੱਟਿਆ ਗਿਆ ਹੈ। ਲੁੱਟ ਦੀ ਇਹ ਸਾਰੀ ਵਾਰਦਾਤ ਘਟਨਾ CCTV ‘ਚ ਕੈਦ ਹੋ ਗਈ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਾਣੀ ਕੇ ਬਾਗ਼ ਇਲਕੇ ਦੀ ਪੰਜਾਬ ਨੈਸ਼ਨਲ ਬੈਂਕ ‘ਚ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਕਿੰਨੇ ਪੈਸੇ ਲੁੱਟ ਕੇ ਲੈ ਗਏ ਹਨ, ਇਸ ਬਾਰੇ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਬੈਂਕ ਸਟਾਫ ਦੇ ਅਨੁਸਾਰ ਅੰਦਾਜ਼ਨ 20 ਤੋਂ 23 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ
ਅੰਮ੍ਰਿਤਸਰ ਦੇ ਪੰਜਾਬ ਨੈਸ਼ਨਲ ਬੈਂਕ ‘ਚ 12 ਵਜੇ ਦੇ ਕਰੀਬ ਦੋ ਵਿਅਕਤੀ ਆਉਂਦੇ ਹਨ। ਇਕ ਵਿਅਕਤੀ ਬੈਂਕ ਦੇ ਬਾਹਰ ਖੜਾ ਰਹਿੰਦਾ ਹੈ ਅਤੇ ਦੂਜਾ ਵਿਅਕਤੀ ਬੈਂਕ ਦੇ ਅੰਦਰ ਆਉਂਦਾ ਹੈ। ਜਿਸ ਵੱਲੋਂ ਪਿਸਤੌਲ ਦੀ ਨੋਕ ‘ਤੇ ਕੈਸ਼ੀਅਰ ਕੋਲੋ ਪੈਸੇ ਦੀ ਲੁੱਟ ਕਰ ਲਈ ਗਈ ਹੈ। ਇਹ ਮਾਮਲਾ ਪੁਲਿਸ ਥਾਣਾ ਕੰਟੋਨਮੈਂਟ ਅਧੀਨ ਆਉਂਦਾ ਹੈ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਕੱਲ ਸੰਗਰੂਰ ਜ਼ਿਲੇ ਦੇ ਸੁਨਾਮ ਦੇ ਸਿਵਲ ਹਸਪਤਾਲ ਨੇੜੇ ਦਵਾਈਆਂ ਦੇ ਮੋਦੀਖਾਨੇ ਨੂੰ ਲੁਟੇਰਿਆਂ ਨੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਸੀ। ਉਥੇ ਮੌਜੂਦ ਦੁਕਾਨਦਾਰ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਮੋਬਾਇਲ ਅਤੇ ਨਕਦੀ ਲੁੱਟ ਲਈ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਪਾਸ਼ ਏਰੀਆ ਸੈਕਟਰ -32 ਵਿੱਚ ਚੋਰਾਂ ਨੇ ਇੱਕ ਡਾਕਟਰ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਹੈ। ਮਿਲੀ ਜਾਣਕਾਰੀ ਅਨੁਸਾਰ 7 ਤੋਂ 8 ਲੱਖ ਦਾ ਨੁਕਸਾਨ ਹੋ ਗਿਆ ਹੈ ਅਤੇ ਮਾਲਿਕ ਰਾਜਸਥਾਨ ਗਏ ਹੋਏ ਸੀ।