‘ਦ ਖ਼ਾਲਸ ਬਿਊਰੋ :ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਲਾਕੇ ਖੈਰ ਖਾਨਾ ਦੀ ਇਕ ਮਸਜਿਦ ਵਿਚ ਹੋਏ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੰਬ ਧਮਾਕੇ ਵਿੱਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ । ਹਾਲਾਂਕਿ, ਹਾਲੇ ਤੱਕ ਇਨ੍ਹਾਂ ਅੰਕੜਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਸਬੰਧੀ ਕਾਬੁਲ ਦੇ ਐਮਰਜੈਂਸੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕੁੱਲ 27 ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਜਿਸ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ। ਫਿਲਹਾਲ ਤਾਲਿਬਾਨ ਦੇ ਸੁਰੱਖਿਆ ਗਾਰਡਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਜ਼ਖਮੀਆਂ ਨੂੰ ਕਾਬੁਲ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ ਪਾਸ ਦੀਆਂ ਇਮਾਰਤਾਂ ਅਤੇ ਖਿੜਕੀਆਂ ਤੱਕ ਟੁੱਟ ਗਈਆਂ।
ਕਾਬੁਲ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਧਮਾਕੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਬੁਲ ਦੇ ਪੀਡੀ 17 ਦੀ ਇੱਕ ਮਸਜਿਦ ਵਿੱਚ ਬੰਬ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਇਲਾਕੇ ‘ਚ ਪਹੁੰਚ ਗਏ ਹਨ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਧਮਾਕੇ ਵਿੱਚ ਮਸਜਿਦ ਦੇ ਇਮਾਮ ਮੌਲਵੀ ਅਮੀਰ ਮੁਹੰਮਦ ਕਾਬੁਲੀ ਦੀ ਵੀ ਮੌਤ ਹੋ ਗਈ ਹੈ। ਖਾਲਿਦ ਜ਼ਾਦਰਾਨ ਨੇ ਦੱਸਿਆ ਕਿ ਮਸਜਿਦ ਵਿੱਚ ਧਮਾਕਾ ਹੋਇਆ ਹੈ। ਇਸੇ ਦੌਰਾਨ ਮੌਤਾਂ ਵੀ ਹੋਈਆਂ ਹਨ, ਪਰ ਮਰਨ ਵਾਲਿਆਂ ਦੀ ਗਿਣਤੀ ਸਪਸ਼ਟ ਨਹੀਂ ਹੈ।
ਅਜੇ ਤੱਕ ਕਿਸੇ ਵੀ ਜਥੇਬੰਦੀ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ। ਪਰ ਪਿਛਲੇ ਕਈ ਮਹੀਨਿਆਂ ਵਿੱਚ ਅਜਿਹੇ ਕਈ ਹਮਲੇ ਹੋਏ ਹਨ, ਜਿਨ੍ਹਾਂ ਵਿੱਚ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਿਛਲੇ ਹਫਤੇ ਕਾਬੁਲ ਵਿੱਚ ਇੱਕ ਫਿਦਾਈਨ ਹਮਲੇ ਵਿੱਚ ਤਾਲਿਬਾਨ ਸਮਰਥਕ ਮੌਲਾਨਾ ਸ਼ੇਖ ਰਹੀਮੁੱਲਾ ਹੱਕਾਨ ਦੀ ਮੌਤ ਹੋ ਗਈ ਸੀ। ਇਸ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਵੱਲੋਂ ਲਈ ਗਈ ਸੀ । ਇਸ ਤੋਂ ਪਹਿਲਾਂ 8 ਅਗਸਤ ਨੂੰ ਕਾਬੁਲ ਦੇ ਇੱਕ ਬਾਜ਼ਾਰ ਵਿੱਚ ਹੋਏ ਬੰਬ ਧਮਾਕੇ ਵਿੱਚ 8 ਲੋਕ ਮਾਰੇ ਗਏ ਸਨ ਅਤੇ 22 ਲੋਕ ਜ਼ਖਮੀ ਹੋ ਗਏ ਸਨ ।
ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਅਫ਼ਗਾਨਿਸਤਾਨ ਦੇ ਉੱਤਰੀ ਇਲਾਕੇ ‘ਚ ਸਥਿਤ ਮਜ਼ਾਰ-ਏ-ਸ਼ਰੀਫ ਦੀ ਇਕ ਸ਼ੀਆ ਮਸਜਿਦ ‘ਚ ਵੀ ਧਮਾਕਾ ਹੋਇਆ ਸੀ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਘੱਟੋ-ਘੱਟ 20 ਲੋਕ ਜ਼ਖ਼ਮੀ ਹੋਏ ਸਨ। ਜੂਨ 2022 ਨੂੰ ਅ ਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਥਿਤ ਗੁਰਦੁਆਰਾ ਕਰਤੇ ਪ੍ਰਵਾਨ ਵਿਖੇ ਵੀ ਹਮਲਾ ਹੋਇਆ ਸੀ ਜਿਸ ਵਿੱਚ ਇੱਕ ਸਿੱਖ ਸਵਿੰਦਰ ਸਿੰਘ ਗਜਨਿਚੀ ਅਤੇ ਇੱਕ ਸੇਵਾਦਾਰ ਦੀ ਮੌ ਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਦੇ 100 ਸਿੱਖਾਂ ਦੇ ਲਈ ਈ-ਵੀਜ਼ਾ ਜਾਰੀ ਕਰ ਦਿੱਤਾ ਸੀ।