ਅੰਮ੍ਰਿਤਸਰ : ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਵੱਲੋਂ ਕੋਈ ਛੋਟ ਨਹੀਂ ਦਿੱਤੀ ਗਈ। ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਦੇ ਮਾਮਲੇ ’ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਮਨੀ ਚੋਣਾਂ ਲਈ ਸੁਖਬੀਰ ਬਾਦਲ ਨੂੰ ਛੋਟ ਨਹੀਂ ਹੈ। ਜਥੇਦਾਰ ਨੇ ਕਿਹਾ ਕਿ ਤਨਖਾਹ ਪੂਰੀ ਕਰਨ ਤੱਕ ਤਨਖਾਹੀਆ ਹੀ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਅਗਲਾ ਫੈਸਲਾ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ’ਚ ਲਵਾਂਗੇ।
ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਤਨਖਾਹੀਆਂ ਤਨਖਾਹ ਪੂਰੀ ਹੋਣ ਤੱਕ ਤਨਖਾਹੀਆ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਦੀ ਅਗਲੀ ਮੀਟਿੰਗ ਦੀਵਾਲੀ ਤੋਂ ਬਾਅਦ ਰੱਖੀ ਜਾਵੇਗੀ ਅਤੇ ਅਗਲਾ ਫੈਸਲਾ ਮੀਟਿੰਗ ਵਿੱਚ ਹੀ ਲਿਆ ਜਾਵੇਗਾ।
ਲੰਘੇ ਕੱਲ ਕੀਤੀ ਸੀ ਮੁਲਾਕਾਤ
ਦੱਸ ਦਈਏ ਕਿ ਕੱਲ੍ਹ ਦੇਰ ਰਾਤ ਅਕਾਲੀ ਦਲ ਦਾ ਇੱਕ ਵਫਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਪਹੁੰਚਿਆ ਸੀ। ਇਸ ਮੌਕੇ ਉਨ੍ਹਾਂ ਨੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਇਆ ਕਰਾਰ ਦੇਣ ਤੋਂ ਬਾਅਦ ਹੋਣ ਵਾਲੀਆਂ ਮੁਸ਼ਕਲਾਂ ਸਬੰਧਤ ਗੱਲ ਕਹੀ ਗਈ।
ਸਾਨੂੰ ਇਕੱਲਿਆਂ ਇਹ ਲੜਾਈ ਲੜਨ ਦੇ ਵਿੱਚ ਮੁਸ਼ਕਿਲ
ਮੁਲਾਕਾਤ ਕਰਨ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅਕਾਲੀ ਦਲ ਦੇ ਵੱਡੇ ਆਗੂ ਸੁਖਬੀਰ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਹੋਣ ਤੋਂ ਬਾਅਦ ਉਹ ਘਰ ਵਿੱਚ ਬੈਠ ਗਏ ਅਤੇ ਕਿਸੇ ਵੀ ਪ੍ਰੋਗਰਾਮ ਵਿੱਚ ਉਹਨਾਂ ਨੇ ਹਿੱਸਾ ਨਹੀਂ ਲਿਆ ਪਰ ਪੰਜਾਬ ਵਾਸੀ ਚਾਹੁੰਦੇ ਹਨ ਕਿ ਇਹ ਸਰਕਾਰੀ ਤੰਤਰ ਦੇ ਖਿਲਾਫ ਲੜਿਆ ਜਾਵੇ। ਉਹਨਾਂ ਕਿਹਾ ਸੀ ਕਿ ਸਾਨੂੰ ਇਕੱਲਿਆਂ ਇਹ ਲੜਾਈ ਲੜਨ ਦੇ ਵਿੱਚ ਮੁਸ਼ਕਿਲ ਆ ਰਹੀ ਹੈ। ਇਸ ਦੇ ਲਈ ਅਸੀਂ ਜਿਮਨੀ ਚੋਣਾਂ ਲੜਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਨ ਪਹੁੰਚੇ ਹਾਂ ਉਹਨਾਂ ਕਿਹਾ ਕਿ ਜਦੋਂ ਸਾਡਾ ਜਰਨੈਲ ਸਾਡੇ ਪਿੱਛੇ ਹੋਵੇਗਾ ਤੇ ਪਾਰਟੀ ਪੂਰੀ ਡੱਟ ਕੇ ਮੁਕਾਬਲਾ ਕਰੇਗੀ।