The Khalas Tv Blog India ਆਸਟ੍ਰੇਲੀਆ ਵਸਦੇ ਸਿੱਖਾਂ ਨੂੰ ਵੱਡਾ ਤੋਹਫ਼ਾ, ਵਿਕਟੋਰੀਆ ਸੂਬੇ ਦੀ ਝੀਲ ਦਾ ਨਾਂ ਬਦਲ ਕੇ ‘ਗੁਰੂ ਨਾਨਕ ਲੇਕ’ ਰਖਿਆ ਗਿਆ
India International Religion

ਆਸਟ੍ਰੇਲੀਆ ਵਸਦੇ ਸਿੱਖਾਂ ਨੂੰ ਵੱਡਾ ਤੋਹਫ਼ਾ, ਵਿਕਟੋਰੀਆ ਸੂਬੇ ਦੀ ਝੀਲ ਦਾ ਨਾਂ ਬਦਲ ਕੇ ‘ਗੁਰੂ ਨਾਨਕ ਲੇਕ’ ਰਖਿਆ ਗਿਆ

ਆਸਟ੍ਰੇਲੀਆ :  ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਵੱਸਦੇ ਸਿੱਖਾਂ ਨੂੰ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਸਿੱਖ ਭਾਈਚਾਰੇ ਦੇ ਯੋਗਦਾਨ ਅਤੇ ਕਦਰਾਂ-ਕੀਮਤਾਂ ਦਾ ਸਨਮਾਨ ਕਰਦੇ ਹੋਏ ਆਸਟ੍ਰੇਲੀਆਈ ਸਰਕਾਰ(Australian Government) ਨੇ ਅਧਿਕਾਰਤ ਤੌਰ ‘ਤੇ ਬਰਵਿਕ ਝੀਲ (Berwick Lake) ਦਾ ਨਾਂ ਬਦਲ ਕੇ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸੰਸਥਾਪਕ – ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਿਆ ਹੈ। ਇਹ ਝੀਲ ਮੈਲਬੌਰਨ ਦੇ ਦੱਖਣ ਪੂਰਬ ਵਿੱਚ ਸਥਿਤ ਇਲਾਕੇ ਬੈਰਵਿਕ ਵਿੱਚ ਸਥਿਤ ਹੈ ਤੇ ਇਹ ਝੀਲ ਕੁਦਰਤੀ ਰੰਗਾਂ ਨਾਲ ਭਰਪੂਰ ਹੈ।

ਇਸ ਸਬੰਧੀ ਇੱਕ ਸਮਾਗਮ ਵੀ ਕਰਵਾਇਆ ਗਿਆ ਜਿਸ ਵਿੱਚ ਬਹੁ-ਸਭਿਆਚਾਰਕ ਮਾਮਲਿਆਂ ਦੇ ਮੰਤਰੀ ਇੰਗਰਿਡ ਸਟਿਟ ਨੇ ਕਿਹਾ, ‘‘ਮੈਨੂੰ ਵਿਕਟੋਰੀਆ ਵਿਚ ਸਾਡੇ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਇਕ ਇਤਿਹਾਸਕ ਸਥਾਨ ਦਾ ਨਾਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ।’’

ਇਸ ਮੌਕੇ ਮੌਜੂਦ ਵਿਕਟੋਰੀਆ ਦੀ ਯੋਜਨਾ ਮੰਤਰੀ ਸੋਨੀਆ ਕਿਲਕੇਨੀ ਨੇ ਕਿਹਾ, ‘‘ਇਹ ਨਾਮ ਬਦਲਣਾ ਇੱਕ ਹੋਰ ਤਰੀਕਾ ਹੈ ਜਿਸ ਨਾਲ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਟੋਰੀਆ ਦੇ ਸਥਾਨਾਂ ਦੇ ਨਾਮ ਸਾਡੇ ਰਾਜ ਦੀ ਅਮੀਰ ਵੰਨ-ਸੁਵੰਨਤਾ ਅਤੇ ਇਤਿਹਾਸ ਨੂੰ ਬਿਹਤਰ ਢੰਗ ਨਾਲ ਦਰਸਾਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ।’’

ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇੰਗਰਿਡ ਸਟਿੱਟ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵਿਕਟੋਰੀਆ ਵਿੱਚ ਲੰਗਰ ਸਮਾਗਮਾਂ ਦੇ ਆਯੋਜਨ ਦੀ ਸਹਾਇਤਾ ਲਈ $600,000 ਦੀ ਗ੍ਰਾਂਟ ਵੀ ਪ੍ਰਦਾਨ ਕਰੇਗੀ।

ਆਸਟ੍ਰੇਲੀਆ ਵਿੱਚ 0.8% ਸਿੱਖ ਵਸਦੇ ਹਨ

ਸਿੱਖ ਭਾਈਚਾਰਾ ਵਿਕਟੋਰੀਆ, ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਵਧ ਰਿਹਾ ਭਾਈਚਾਰਾ ਹੈ। ਆਸਟ੍ਰੇਲੀਆ ਵਿੱਚ ਸਮੁੱਚੇ ਸਿੱਖ ਭਾਈਚਾਰੇ ਦੀ ਗਿਣਤੀ 210,000 ਤੋਂ ਵੱਧ ਹੈ, ਜੋ ਕਿ ਪੂਰੇ ਦੇਸ਼ ਦੀ ਆਬਾਦੀ ਦਾ ਲਗਭਗ 0.8% ਹੈ। ਸਿੱਖ ਭਾਈਚਾਰੇ ਦਾ ਇੱਕ ਵੱਡਾ ਹਿੱਸਾ ਵਿਕਟੋਰੀਆ ਰਾਜ ਵਿੱਚ ਸਥਿਤ ਹੈ, ਜਿੱਥੇ ਉਹਨਾਂ ਨੇ ਕਈ ਗੁਰਦੁਆਰੇ ਸਥਾਪਿਤ ਕੀਤੇ ਹਨ ਅਤੇ ਸਮਾਜ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਸਿੱਖ ਕੌਮ ਨੇ ਵਪਾਰ, ਕਲਾ, ਫੌਜੀ ਅਤੇ ਵੱਖ-ਵੱਖ ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ।

 

Exit mobile version