The Khalas Tv Blog India ਗੁਜਰਾਤ ਦੇ ਸੂਰਤ ‘ਚ 6 ਮੰਜ਼ਿਲਾ ਇਮਾਰਤ ਡਿੱਗੀ, ਹੁਣ ਤੱਕ 7 ਲੋਕਾਂ ਦੀ ਮੌਤ
India

ਗੁਜਰਾਤ ਦੇ ਸੂਰਤ ‘ਚ 6 ਮੰਜ਼ਿਲਾ ਇਮਾਰਤ ਡਿੱਗੀ, ਹੁਣ ਤੱਕ 7 ਲੋਕਾਂ ਦੀ ਮੌਤ

ਗੁਜਰਾਤ ਦੇ ਸੂਰਤ ਵਿੱਚ ਛੇ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਦੇ ਡੀਸੀਪੀ ਰਾਜੇਸ਼ ਪਰਮਾਰ ਦੇ ਮੁਤਾਬਕ 12 ਘੰਟਿਆਂ ਤੋਂ ਜਾਰੀ ਬਚਾਅ ਮੁਹਿੰਮ ‘ਚ 7 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਮਲਬਾ ਹਟਾਉਣ ਦਾ ਕੰਮ ਅਜੇ ਜਾਰੀ ਹੈ।

ਗੁਜਰਾਤ ਦੇ ਸੂਰਤ ਦੇ ਸਚਿਨ ਪਾਲੀ ਪਿੰਡ ਵਿੱਚ ਇਹ ਛੇ ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇਹ ਘਟਨਾ ਸ਼ਨੀਵਾਰ ਦੁਪਹਿਰ ਕਰੀਬ 3 ਵਜੇ ਵਾਪਰੀ। ਘਟਨਾ ਸਮੇਂ ਏਨੀ ਜ਼ੋਰਦਾਰ ਆਵਾਜ਼ ਆਈ ਕਿ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਲੱਗਾ ਕਿ ਭੂਚਾਲ ਆ ਗਿਆ ਹੈ। ਆਵਾਜ਼ ਸੁਣ ਕੇ ਜਦੋਂ ਲੋਕ ਘਰੋਂ ਬਾਹਰ ਆਏ ਤਾਂ ਉਨ੍ਹਾਂ ਦੇਖਿਆ ਕਿ ਨਾਲ ਲੱਗਦੀ ਇਮਾਰਤ ਢਹਿ ਗਈ ਸੀ।

ਇਮਾਰਤ ਡਿੱਗਣ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰੀ ਬਾਰਿਸ਼ ਕਾਰਨ ਇਹ ਇਮਾਰਤ ਡਿੱਗ ਗਈ। ਸੂਰਤ ਦੇ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਦੱਸਿਆ ਕਿ ਇਮਾਰਤ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ। NDRF ਦੀ ਟੀਮ ਪੂਰੀ ਮਿਹਨਤ ਕਰ ਰਹੀ ਹੈ।

ਇਮਾਰਤ 2017-18 ਵਿੱਚ ਬਣਾਈ ਗਈ ਸੀ। ਇਸ ਦੇ ਖਸਤਾ ਹੋਣ ਕਾਰਨ ਸੂਰਤ ਨਗਰ ਨਿਗਮ ਨੇ ਵੀ ਇਸ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਸਨ। ਇਮਾਰਤ ਵਿਚ ਰਹਿੰਦੇ ਜ਼ਿਆਦਾਤਰ ਲੋਕਾਂ ਨੇ ਇਸ ਨੂੰ ਖਾਲੀ ਕਰ ਦਿੱਤਾ ਸੀ ਪਰ 5 ਤੋਂ 6 ਪਰਿਵਾਰ ਅਜੇ ਵੀ ਉਥੇ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦਾ ਮਾਲਕ ਵਿਦੇਸ਼ ਰਹਿੰਦਾ ਹੈ।

ਰਾਹਤ ਕਾਰਜਾਂ ‘ਚ ਲੱਗੇ ਇਕ ਅਧਿਕਾਰੀ ਮੁਤਾਬਕ ਮਲਬੇ ਹੇਠਾਂ ਕਰੀਬ 10 ਲੋਕ ਦੱਬੇ ਹੋ ਸਕਦੇ ਹਨ। ਮਲਬੇ ‘ਚੋਂ ਇਕ ਔਰਤ ਨੂੰ ਬਾਹਰ ਕੱਢਿਆ ਗਿਆ ਹੈ। ਮੌਕੇ ‘ਤੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ।

Exit mobile version