Others

ਅੰਮ੍ਰਿਤਸਰ ਵਿੱਚ ਦਲ ਖ਼ਾਲਸਾ ਜਥੇਬੰਦੀ ਦੇ ਆਗੂ ਪਰਮਜੀਤ ਸਿੰਘ ਮੰਡ ਦੀ ਅਗਵਾਈ ਵਿੱਚ ਜੂਨ 2023 ਨੂੰ ਕੈਨੇਡਾ ਵਿੱਚ ਖਾਲਿਸਤਾਨ ਪੱਖੀ ਨਾਇਕ ਹਰਦੀਪ ਸਿੰਘ ਨਿੱਝਰ ਦੇ ਕਤਲ ਸਮੇਤ ਵਿਦੇਸ਼ੀ ਧਰਤੀ ‘ਤੇ ਖਾਲਿਸਤਾਨੀਆਂ ਦੇ ਕਤਲੇਆਮ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣ ਲਈ ਭਾਰਤ ਦੀ ਬਾਹਰੀ ਖੁਫੀਆ ਏਜੰਸੀ ਰਾਅ ਦੇ ਦਫਤਰ ਵੱਲ ਨੂੰ ਕੂਚ ਕੀਤਾ ਗਿਆ, ਪਰ ਪੁਲਿਸ ਨੇ ਰਸਤੇ ਵਿੱਚ ਹੀ ਦਲ ਖਾਲਸਾ ਦੇ 82 ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ। ਪ੍ਰਦਰਸ਼ਨਕਾਰੀ ਦਰਬਾਰ ਸਾਹਿਬ ਤੋਂ ਏਜੰਸੀ ਦੇ ਦਫ਼ਤਰ ਪਹੁੰਚਣ ਲਈ ਰਵਾਨਾ ਹੋਏ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਪੁਲਿਸ ਵੱਲੋਂ ਰੋਕਣ ‘ਤੇ ਪ੍ਰਦਰਸ਼ਨਕਾਰੀਆਂ ਨੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਨੂੰ ਉਨ੍ਹਾਂ ਨੂੰ ਵੀ ਮਾਰਨ ਲਈ ਵੰਗਾਰਿਆ। ਪ੍ਰਦਰਸ਼ਨਕਾਰੀਆਂ ਨੂੰ ਜਦੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਸੀ ਤਾਂ ਉਹ ਸਿਰਫ਼ ਇੱਕੋ ਹੀ ਗੱਲ ਕਹਿ ਰਹੇ ਸਨ ਕਿ ਸਾਨੂੰ ਵੀ ਗੋਲੀ ਮਾਰੋ।

ਧਰਨੇ ਦੀ ਅਗਵਾਈ ਕਰ ਰਹੇ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਅਸੀਂ ਏਜੰਸੀ ਸੰਚਾਲਕਾਂ ਨੂੰ ਆਪਣੀ ਕੌਮ ਦਾ ਸੰਦੇਸ਼, ਗੁੱਸਾ ਅਤੇ ਤੌਖਲਾ ਦੱਸਣਾ ਚਾਹੁੰਦੇ ਹਾਂ। ਪ੍ਰਦਰਸ਼ਨਕਾਰੀਆਂ ਨੇ ਮਾਰੇ ਗਏ ਖਾਲਿਸਤਾਨੀਆਂ ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਨਿੱਝਰ ਦੀਆਂ ਤਸਵੀਰਾਂ ਅਤੇ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ‘ਤੇ ਲਿਖਿਆ ਸੀ: ਅਸੀਂ ਵੀ ਖਾਲਿਸਤਾਨੀ ਹਾਂ। ਸਾਨੂੰ ਵੀ ਮਾਰ ਦਿਓ।” ਇਕ ਹੋਰ ਤਖ਼ਤੀ ‘ਤੇ ਲਿਖਿਆ ਹੈ: ਪਹਿਲਾਂ ਪੰਜਵੜ, ਫਿਰ ਨਿੱਝਰ, ਹੁਣ ਅਗਲਾ ਕੌਣ?

ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਮੰਡ ਨੇ ਕਿਹਾ ਕਿ ਅਸੀਂ ਇੱਥੇ ਕੋਈ ਮੰਗ ਪੱਤਰ ਨਹੀਂ ਦੇਣ ਆਏ। ਜੇ ਤੁਸੀਂ ਸਾਨੂੰ ਇੱਥੇ ਰੋਕਿਆ ਹੈ ਤਾਂ ਸਾਡੀ ਮੰਗ ਹੈ ਕਿ ਏਜੰਸੀ ਦਾ ਕੋਈ ਇੱਕ ਬੰਦਾ ਸਾਡੇ ਨਾਲ ਆ ਕੇ ਗੱਲ ਕਰੇ। ਸਾਡੀ ਲੜਾਈ ਦਿੱਲੀ ਵਾਲਿਆਂ ਨਾਲ ਹੈ ਪਰ ਰੋਕ ਸਾਨੂੰ ਇਹ (ਯਾਨਿ ਪੁਲਿਸ) ਲੈਂਦੇ ਹਨ।

ਦਲ ਖਾਲਸਾ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਭਾਈ ਨਿੱਝਰ ਨੂੰ ਸ਼ਹੀਦ ਦਾ ਦਰਜਾ ਦਿੱਤਾ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤਰਫੋਂ ਹੈੱਡ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਨੇ ਨਿੱਝਰ ਦੇ ਪਰਿਵਾਰ ਨੂੰ ਸਿਰੋਪਾਓ ਭੇਟ ਕੀਤਾ। ਪਰਿਵਾਰ ਕੈਨੇਡਾ ਵਿੱਚ ਹੋਣ ਕਰਕੇ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਲਿਆ ਗਿਆ।

ਦਲ ਖਾਲਸਾ ਅਤੇ ਅਕਾਲੀ ਦਲ ਮਾਨ ਦੀ ਅਗਵਾਈ ਵਾਲੀਆਂ ਸਿੱਖ ਜਥੇਬੰਦੀਆਂ ਨੇ ਭਾਰਤੀ ਗੁਪਤ ਏਜੰਸੀ ਰਾਅ ਨੂੰ ਸ਼ੱਕ ਦੇ ਘੇਰੇ ਵਿੱਚ ਲੈਂਦਿਆਂ ਆਪਣੀਆਂ ਗੁਪਤ ਗ਼ੈਰ-ਕਾਨੂੰਨੀ ਕਾਰਵਾਈਆਂ ਬੰਦ ਕਰਨ ਲਈ ਕਿਹਾ। ਜਥੇਬੰਦੀਆਂ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਗੁਪਤ ਏਜੰਸੀਆਂ ‘ਤੇ ਲਗਾਮ ਨਾ ਲਾਈ ਤਾਂ ਇਸ ਦਾ ਪ੍ਰਤੀਕਰਮ ਅਤੇ ਗੰਭੀਰ ਸਿੱਟੇ ਨਿਕਲ ਸਕਦੇ ਹਨ।

Exit mobile version