The Khalas Tv Blog Punjab ਸਿੱਖਿਆ ਵਿਭਾਗ ’ਚ ਤਰਸ ਦੇ ਆਧਾਰ ’ਤੇ ਰੱਖੇ ਕਲਰਕਾਂ ਬਾਰੇ ਵੱਡਾ ਖ਼ੁਲਾਸਾ! 92% ਕਲਰਕ ਪੰਜਾਬੀ ਤੇ ਅੰਗ੍ਰੇਜ਼ੀ ਦੇ ਟਾਈਪਿੰਗ ਟੈਸਟ ’ਚ ਫ਼ੇਲ੍ਹ
Punjab

ਸਿੱਖਿਆ ਵਿਭਾਗ ’ਚ ਤਰਸ ਦੇ ਆਧਾਰ ’ਤੇ ਰੱਖੇ ਕਲਰਕਾਂ ਬਾਰੇ ਵੱਡਾ ਖ਼ੁਲਾਸਾ! 92% ਕਲਰਕ ਪੰਜਾਬੀ ਤੇ ਅੰਗ੍ਰੇਜ਼ੀ ਦੇ ਟਾਈਪਿੰਗ ਟੈਸਟ ’ਚ ਫ਼ੇਲ੍ਹ

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਤਰਸ ਦੇ ਆਧਾਰ ’ਤੇ ਰੱਖੇ ਕਲਰਕਾਂ ਬਾਰੇ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਇਸ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਦੇ ਕਲਰਕਾਂ ਦੀ ਏਨੀ ਮਾੜੀ ਹਾਲਤ ਹੈ ਕਿ ਕੁੱਲ ਗਿਣਤੀ ਵਿੱਚੋਂ 92 ਫ਼ੀਸਦੀ ਕਲਰਕ ਟਾਈਪਿੰਗ ਟੈਸਟ ਵਿੱਚ ਫ਼ੇਲ੍ਹ ਹੋ ਗਏ ਹਨ।

ਦਰਅਸਲ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.), ਪੰਜਾਬ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸਕੈਂਡਰੀ, ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ, ਸਮੂਹ ਪ੍ਰਿੰਸੀਪਲ ਡਾਇਟ ਅਤੇ ਸਮੂਹ ਬੀਪੀਓਜ ਨੂੰ ਦੋ ਅਗਸਤ ਨੂੰ ਇੱਕ ਪੱਤਰ ਲਿਖਿਆ ਗਿਆ ਹੈ, ਜੋ ਪੰਜਾਬ ਸਿੱਖਿਆ ਵਿਭਾਗ ਅਧੀਨ ਕੰਮ ਕਰਦੇ ਤਰਸ ਦੇ ਆਧਾਰ ’ਤੇ ਨਿਯੁਕਤ ਕੀਤੇ ਕਲਰਕਾਂ ਦੇ ਜੁਲਾਈ 2024 ਵਿੱਚ ਲਏ ਗਏ ਟਾਈਪਿੰਗ ਟੈਸਟ ਦੇ ਨਤੀਜਿਆਂ ਬਾਰੇ ਹੈ।

ਇਸ ਪੱਤਰ ਮੁਤਾਬਕ ਪੰਜਾਬ ਸਿੱਖਿਆ ਵਿਭਾਗ ਦੇ ਖੇਤਰੀ ਦਫਤਰਾਂ, ਸੰਸਥਾਵਾਂ ਅਤੇ ਸਕੂਲਾਂ ਵਿੱਚ ਤਰਸ ਦੇ ਆਧਾਰ ’ਤੇ ਨਿਯੁਕਤ ਹੋਏ ਕਲਰਕਾਂ ਦਾ ਪੰਜਾਬੀ ਅਤੇ ਅੰਗਰੇਜ਼ੀ ਟਾਈਪ ਟੈਸਟ ਜੁਲਾਈ 2024 ਵਿੱਚ ਦਫ਼ਤਰ ਭਾਸ਼ਾ ਵਿਭਾਗ, ਪੰਜਾਬ, ਦੇ ਵੱਖ ਵੱਖ ਕੋਆਰਡੀਨੇਟਰ ਜ਼ਿਲ੍ਹਿਆਂ ਵੱਲੋਂ ਲਿਆ ਗਿਆ ਸੀ, ਜਿਸ ਦਾ ਨਤੀਜਾ ਹੁਣ ਐਲਾਨ ਕੀਤਾ ਜਾਂਦਾ ਹੈ। ਇਹ ਨਤੀਜਾ ਵਿਭਾਗ ਦੀ ਵੈਬਸਾਈਟ http://www.ssapunjab.org ’ਤੇ ਅਪਲੋਡ ਕੀਤਾ ਜਾ ਰਿਹਾ ਹੈ। ਪਰ ਨਤੀਜੇ ਵੇਖੇ ਗਏ ਤਾਂ ਹੈਰਾਨ ਕਰਨ ਵਾਲੇ ਸਨ ਕਿਉਂਕਿ ਨੌਕਰੀ ਕਰ ਰਹੇ ਪ੍ਰੀਖਿਆ ਦੇਣ ਵਾਲੇ ਕਲਰਕਾਂ ਵਿੱਚੋਂ ਸਿਰਫ ਪੰਜਾਬੀ ਵਿੱਚੋਂ ਸੱਤ ਪ੍ਰਤੀਸ਼ਤ ਅਤੇ ਅੰਗਰੇਜ਼ੀ ਵਿੱਚੋਂ ਅੱਠ ਪ੍ਰਤੀਸ਼ਤ ਕਲਰਕ ਹੀ ਪ੍ਰੀਖਿਆ ਪਾਸ ਕਰ ਸਕੇ ਹਨ।

ਸੂਬੇ ਦੇ ਤਰਸ ਦੇ ਅਧਾਰ ਤੇ ਨੌਕਰੀ ਲੈਣ ਵਾਲੇ 123 ਕਲਰਕਾਂ ਵਿੱਚੋਂ 86 ਕਲਰਕਾਂ ਨੇ ਪੰਜਾਬੀ ਦੀ ਟਾਈਪਿੰਗ ਦੀ ਪ੍ਰੀਖਿਆ ਦਿੱਤੀ ਅਤੇ 37 ਗੈਰ ਹਾਜ਼ਰ ਰਹੇ। ਇਨ੍ਹਾਂ ਵਿੱਚੋਂ ਸਿਰਫ ਛੇ ਕਲਰਕ ਹੀ ਪੰਜਾਬੀ ਦੀ ਟਾਈਪਿੰਗ ਦੀ ‌ਪ੍ਰੀਖਿਆ ਪਾਸ ਕਰ ਸਕੇ। ਬਾਕੀ 80 ਫੇਲ੍ਹ ਹੋ ਗਏ ਹਨ। ਇਨ੍ਹਾਂ 123 ਕਲਰਕਾਂ ਵਿੱਚੋਂ 79 ਨੇ ਅੰਗਰੇਜ਼ੀ ਦੀ ਟਾਈਪਿੰਗ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 44 ਕਲਰਕ ਗ਼ੈਰ ਹਾਜਰ ਰਹੇ। ਪਰ ਹਾਜ਼ਰ ਕਲਰਕਾਂ ਵਿੱਚੋਂ ਸਿਰਫ 7 ਕਲਰਕ ਹੀ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਕਰ ਪਾਏ ਅਤੇ ਬਾਕੀ 72 ਫੇਲ੍ਹ ਹੋ ਗਏ।

ਗੁਰਦਾਸਪੁਰ ਦੇ ਚਾਰ ਕਲਰਕਾਂ ਨੇ ਤਰਸ ਦੇ ਅਧਾਰ ‘’ਤੇ ਨੌਕਰੀ ਲਈ ਹੈ, ਜਿਨ੍ਹਾਂ ਵਿੱਚੋਂ ਤਿੰਨ ਨੇ ਟੈਸਟ ਦਿੱਤੇ ਹੀ ਨਹੀਂ ਅਤੇ ਇੱਕ ਜਿਸਨੇ ਟੈਸਟ ਦਿੱਤੇ, ਉਹ ਅੰਗਰੇਜ਼ੀ ਵਿੱਚੋਂ ਫੇਲ੍ਹ ਅਤੇ ਪੰਜਾਬੀ ਵਿੱਚ ਪਾਸ ਕਰ ਗਿਆ।

ਹਾਲਾਂਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਲਿਖੇ ਗਏ ਪੱਤਰ ਅਨੁਸਾਰ ਗ਼ੈਰ-ਹਾਜ਼ਰ ਰਹੇ ਅਤੇ ਫੇਲ੍ਹ ਹੋਏ ਕਲਰਕਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਣਾ ਹੈ ਤੇ ਅਕਤੂਬਰ ਮਹੀਨੇ ਵਿੱਚ ਇਨ੍ਹਾਂ ਦੀ ਫਿਰ ਤੋਂ ਇੱਕ ਵਾਰ ਪ੍ਰੀਖਿਆ ਲਈ ਜਾਵੇਗੀ। ਨਵੇਂ ਕਰਮਚਾਰੀ ਵੀ ਅਕਤੂਬਰ ਵਿੱਚ ਇਹ ਪ੍ਰੀਖਿਆ ਦੇਣਗੇ ਜਿਸ ਦੇ ਲਈ ਵੇਰਵੇ ਇਕੱਠੇ ਕਰਨ ਦੀ ਪ੍ਰਕਿਰਿਆ ਵੀ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ

Exit mobile version