The Khalas Tv Blog India ਹਰਿਆਣਾ ’ਚ 9 ਵਜੇ ਤੱਕ 9.53% ਵੋਟਿੰਗ! ਰੋਹਤਕ ’ਚ ਸਾਬਕਾ ਵਿਧਾਇਕ ’ਤੇ ਹਮਲਾ, ਕੱਪੜੇ ਪਾੜੇ; ਪੀਐਮ ਮੋਦੀ ਤੇ ਖੜਗੇ ਦੀ ਵੋਟਰਾਂ ਨੂੰ ਖ਼ਾਸ ਅਪੀਲ
India

ਹਰਿਆਣਾ ’ਚ 9 ਵਜੇ ਤੱਕ 9.53% ਵੋਟਿੰਗ! ਰੋਹਤਕ ’ਚ ਸਾਬਕਾ ਵਿਧਾਇਕ ’ਤੇ ਹਮਲਾ, ਕੱਪੜੇ ਪਾੜੇ; ਪੀਐਮ ਮੋਦੀ ਤੇ ਖੜਗੇ ਦੀ ਵੋਟਰਾਂ ਨੂੰ ਖ਼ਾਸ ਅਪੀਲ

ਬਿਉਰੋ ਰਿਪੋਰਟ: ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ। ਇਸੇ ਦੌਰਾਨ ਰੋਹਤਕ ਦੇ ਮਹਿਮ ਤੋਂ ਹਰਿਆਣਾ ਜਨਸੇਵਕ ਪਾਰਟੀ (HJP) ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਬਲਰਾਜ ਕੁੰਡੂ ਨੇ ਕਾਂਗਰਸੀ ਉਮੀਦਵਾਰ ਬਲਰਾਮ ਡਾਂਗੀ ਦੇ ਪਿਤਾ ’ਤੇ ਹਮਲੇ ਦਾ ਇਲਜ਼ਾਮ ਲਗਾਇਆ ਹੈ। ਝਗੜੇ ਵਿੱਚ ਉਨ੍ਹਾਂ ਦੇ ਕੱਪੜੇ ਵੀ ਫਟ ਗਏ ਹਨ।

ਹਰਿਆਣਾ ਜਨਸੇਵਕ ਪਾਰਟੀ (HJP) ਦੇ ਉਮੀਦਵਾਰ ਸਾਬਕਾ ਵਿਧਾਇਕ ਬਲਰਾਜ ਕੁੰਡੂ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਮਦੀਨਾ ਪਿੰਡ ’ਚ ਹੋਈ ਝੜਪ ’ਚ ਉਨ੍ਹਾਂ ਦੇ ਕੱਪੜੇ ਫਟ ਗਏ ਅਤੇ ਪ੍ਰਾਈਵੇਟ ਸੈਕਟਰੀ ਜ਼ਖਮੀ ਹੋ ਗਿਆ। ਬਲਰਾਜ ਕੁੰਡੂ ਨੇ ਵੀਡੀਓ ਜਾਰੀ ਕਰਕੇ ਇਲਜ਼ਾਮ ਲਾਇਆ ਕਿ ਸਾਬਕਾ ਮੰਤਰੀ ਆਨੰਦ ਸਿੰਘ ਡਾਂਗੀ ਨੇ ਇਹ ਹਮਲਾ ਕਰਵਾਇਆ ਸੀ।

ਇਸ ਤੋਂ ਪਹਿਲਾਂ ਸੋਨੀਪਤ-ਪੰਚਕੂਲਾ ’ਚ ਸਵੇਰੇ ਈਵੀਐੱਮ ਮਸ਼ੀਨ ਖਰਾਬ ਹੋਣ ਦੀ ਸ਼ਿਕਾਇਤ ਮਿਲੀ ਹੈ। ਇਸ ਕਾਰਨ ਵੋਟਿੰਗ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਈ। ਉੱਧਰ ਅੰਬਾਲਾ ਵਿੱਚ ਪੋਲਿੰਗ ਬੂਥਾਂ ਦੇ ਨੇੜੇ ਕਾਂਗਰਸ ਦੇ ਪੋਸਟਰ ਹਟਾਏ ਜਾਣ ਦੀ ਵੀ ਖ਼ਬਰ ਮਿਲੀ ਹੈ।

36 ਭਾਈਚਾਰਿਆਂ ਸਮੇਤ ਸਾਰੇ ਲੋਕ ਵੋਟ ਜ਼ਰੂਰ ਪਾਉਣ – ਖੜਗੇ

ਹਰਿਆਣਾ ਵਿੱਚ ਵੋਟਿੰਗ ਦੌਰਾਨ ਕਾਂਗਰਸ ਪ੍ਰਧਾਨ ਤੇ ਰਾਜਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮੱਲਿਕਾਰਜੁਨ ਖੜਗੇ ਨੇ ਆਪਣੇ ਸੋਸ਼ਲ ਮੀਡੀਆ ਤੋਂ 36 ਭਾਈਚਾਰਿਆਂ ਸਮੇਤ ਸਾਰੇ ਲੋਕਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੁਹਾਡੀ ਇਕ ਵੋਟ ਹਰਿਆਣਾ ਨੂੰ ਖੁਸ਼ਹਾਲੀ ਅਤੇ ਸਮਾਜਿਕ ਨਿਆਂ ਦੇ ਰਾਹ ’ਤੇ ਲੈ ਜਾਵੇਗੀ।

ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਈਵੀਐਮ ’ਤੇ ਵੋਟ ਪਾਉਣ ਤੋਂ ਪਹਿਲਾਂ ਯਾਦ ਰੱਖੋ ਕਿ ਪਿਛਲੇ 10 ਸਾਲਾਂ ਵਿੱਚ ਹਰਿਆਣਾ ਨੂੰ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਪੇਪਰ ਲੀਕ, ਪਿੰਡਾਂ ਅਤੇ ਸ਼ਹਿਰਾਂ ਦੀ ਮਾੜੀ ਹਾਲਤ, ਪਛਾਣ ਪੱਤਰਾਂ ਵਿੱਚ ਧੋਖਾਧੜੀ, ਔਰਤਾਂ ਦੀ ਅਸੁਰੱਖਿਆ, ਸਮਾਜਿਕ ਵਿਤਕਰੇ ਅਤੇ ਆਰਥਿਕ ਅਸਮਾਨਤਾ ਤੋਂ ਇਲਾਵਾ ਕੁਝ ਨਹੀਂ ਮਿਲਿਆ। ਸੱਤਾ ਦੇ ਲਾਲਚ ਕਾਰਨ ਹਰਿਆਣਾ ਦੇ ਵਿਕਾਸ ਦਾ ਬੇੜਾ ਗਰਕ ਹੋਇਆ ਹੈ।

ਉਨ੍ਹਾਂ ਕਿਹਾ ਕਿ ਅੱਜ ਤੁਹਾਡੀ ਇੱਕ ਵੋਟ ਇਹ ਸਭ ਖ਼ਤਮ ਕਰ ਦੇਵੇਗੀ। ਹਰਿਆਣਾ ਮੁੜ ਤਰੱਕੀ ਦੀ ਰਾਹ ’ਤੇ ਵਧੇਗਾ। ਜੇਕਰ ਹਰਿਆਣਾ ਦਾ ਭਵਿੱਖ ਬਦਲਣਾ ਹੈ ਤਾਂ EVM ਬਟਨ ਦਬਾਉਣ ਦੀ ਗੂੰਜ ਦਿੱਲੀ ਤੱਕ ਸੁਣਾਈ ਦੇਣੀ ਚਾਹੀਦੀ ਹੈ ਤਾਂ ਜੋ ਪੂਰਨ ਬਦਲਾਅ ਆ ਸਕੇ। ਮੈਂ ਸਾਡੇ ਨੌਜਵਾਨਾਂ, ਖਾਸ ਕਰਕੇ ਪਹਿਲੀ ਵਾਰ ਵੋਟਰਾਂ ਨੂੰ ਲੋਕਤੰਤਰ ਦੇ ਇਸ ਜਸ਼ਨ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦਾ ਹਾਂ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੋਟਰਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ 

ਇਸੇ ਦੌਰਾਨ ਪੀਐਮ ਮੋਦੀ ਨੇ ਵੀ ਹਰਿਆਣਾ ਦੇ ਵੋਟਰਾਂ ਲਈ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਵੋਟਰ ਲੋਕਤੰਤਰ ਦੇ ਇਸ ਪਵਿੱਤਰ ਤਿਉਹਾਰ ਦਾ ਹਿੱਸਾ ਬਣਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਕਾਇਮ ਕਰਨ। ਇਸ ਮੌਕੇ ਉਨ੍ਹਾਂ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਵਿਸ਼ੇਸ਼ ਸ਼ੁਭਕਾਮਨਾਵਾਂ ਦਿੱਤੀਆਂ।

Exit mobile version