‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਸਾਰੇ ਲੋਕਾਂ ਨੂੰ ਆਪਣੇ 21 ਦਿਨਾਂ ਵਿੱਚ ਟਰਾਂਸਪੋਰਟ ਵਿਭਾਗ ਵਿੱਚ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਦਿੱਤਾ ਹੈ ਭਾਵ ਲੋਕਾਂ ਨੂੰ ਆਪਣਾ ਅਹੁਦਾ ਸਾਂਭਣ ਤੋਂ ਬਾਅਦ 21 ਦਿਨਾਂ ਵਿੱਚ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ। ਵੜਿੰਗ ਨੇ ਕਿਹਾ ਕਿ ਟਰਾਂਸਪੋਰਟ ਮਾਫੀਆ ਦਾ ਰਾਜਾ ਬਾਦਲ ਪਰਿਵਾਰ ਰਿਹਾ ਹੈ।
ਵੜਿੰਗ ਨੇ ਗਿਣਾਈਆਂ ਟਰਾਂਸਪੋਰਟ ਮਾਫੀਆ ‘ਚ ਸ਼ਾਮਿਲ ਕੰਪਨੀਆਂ
ਰਾਜਾ ਵੜਿੰਗ ਨੇ ਕਿਹਾ ਕਿ ਆਰਬਿਟ ਕੰਪਨੀ ਸਮੇਤ ਹੋਰ ਬਹੁਤ ਸਾਰੀਆਂ ਕੰਪਨੀਆਂ ਹਨ, ਜੋ ਟਰਾਂਸਪੋਰਟ ਮਾਫੀਆ ਚਲਾਉਂਦੇ ਹਨ, ਜਿਸ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੈ, ਜਿਵੇਂ ਕਿ ਤਾਜ ਟਰਾਂਸਪੋਰਟ, ਸਵਾਗਤਮ ਟਰਾਂਸਪੋਰਟ, ਰਾਜਧਾਨੀ ਟਰਾਂਸਪੋਰਟ, ਜ਼ਿੰਗ ਟਰਾਂਸਪੋਰਟ ਸ਼ਾਮਿਲ ਹਨ। ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਵੇਲੇ ਆਪਣੀ ਕਾਰਗੁਜ਼ਾਰੀ ‘ਤੇ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੁੰਦਾ ਹਾਂ, ਪਸ਼ਚਾਤਾਪ ਕਰਨਾ ਚਾਹੁੰਦਾ ਹਾਂ। ਪਿਛਲੇ ਸਾਢੇ ਚਾਰ ਸਾਲ ਅਸੀਂ ਲੋਕਾਂ ਨਾਲ ਜੋ ਵਾਅਦੇ ਪੂਰੇ ਕੀਤੇ ਸਨ, ਉਨ੍ਹਾਂ ਵਿੱਚੋਂ ਕੁੱਝ ਵਾਅਦੇ ਪੂਰੇ ਨਹੀਂ ਕੀਤੇ ਗਏ। ਕੈਪਟਨ ਵੱਲੋਂ ਇਹ ਕਿਹਾ ਜਾਣਾ ਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਬੇਇੱਜ਼ਤ ਕਰਕੇ ਲਾਹਿਆ ਗਿਆ, ਉਹ ਬਿਲਕੁਲ ਗਲਤ ਹੈ। ਸਾਡੇ ਨੌਂ ਸਾਲਾਂ ਦੇ ਇਤਿਹਾਸ ਵਿੱਚ ਕਾਂਗਰਸ ਪਾਰਟੀ ਵਿੱਚ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹੋਰ ਕੋਈ ਨਹੀਂ ਰਿਹਾ ਹੈ।
ਕੈਪਟਨ ਨੂੰ ਦੱਸਿਆ Compromise CM
ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਕੈਪਟਨ ਪੰਜਾਬ ਦੇ ਸੀਐੱਮ ਨਾ ਹੋ ਕੇ ਇੱਕ Compromise CM ਬਣ ਗਏ ਹਨ। ਕੈਪਟਨ ਨੇ ਉਨ੍ਹਾਂ ਸਾਰੇ ਲੋਕਾਂ ਦੇ ਨਾਲ Compromise ਕਰ ਲਿਆ, ਜਿਨ੍ਹਾਂ ਦੇ ਰਾਜ ਵਿੱਚ ਮਾਫੀਆ ਆਇਆ। ਬੀਜੇਪੀ-ਅਕਾਲੀ ਦਲ ਗੱਠਜੋੜ ਦੇ ਰਾਜ ਵਿੱਚ ਮਾਫੀਆ ਪੈਦਾ ਹੋਇਆ ਤੇ ਸਾਡੇ ਮੁੱਖ ਮੰਤਰੀ (ਕੈਪਟਨ) ਨੇ ਉਨ੍ਹਾਂ ਦੇ ਨਾਲ Compromise ਕਰ ਲਿਆ। ਸਿਸਟਮ ਨੂੰ ਅਪਾਹਜ ਬਣਾ ਦਿੱਤਾ ਗਿਆ। ਟਰਾਂਸਪੋਰਟ ਮਹਿਕਮੇ ਵਿੱਚ ਜੋ ਪ੍ਰਾਪਤੀਆਂ ਅੱਜ ਹੋਈਆਂ ਹਨ, ਉਹ ਚਾਰ ਸਾਲ ਪਹਿਲਾਂ ਵੀ ਹੋ ਸਕਦੀਆਂ ਸਨ। ਪੰਜਾਬ ਦੀ ਜਨਤਾ ਚਾਹੁੰਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੁਣ Compromise CM ਬਣ ਗਏ ਹਨ, ਇਸ ਲਈ ਹੁਣ ਇਨ੍ਹਾਂ ਨੂੰ ਜਾਣਾ ਚਾਹੀਦਾ ਹੈ। ਅੱਜ ਕੈਪਟਨ ਜੋ ਨਵੀਂ ਪਾਰਟੀ ਬਣਾਉਣ ਦੀਆਂ ਗੱਲਾਂ ਕਰ ਰਹੇ ਹਨ, ਬੀਜੇਪੀ ਨਾਲ ਗੱਠਜੋੜ ਕਰਨ ਦੀਆਂ ਗੱਲਾਂ ਕਰ ਰਹੇ ਹਨ, ਇਹ ਸਾਰਾ Compromise ਦਾ ਹਿੱਸਾ ਹੈ।
ਰਾਜਾ ਵੜਿੰਗ ਨੇ ਗਿਣਾਈਆਂ ਪ੍ਰਾਪਤੀਆਂ ਤੇ ਕੀਤੇ ਐਲਾਨ
- ਰਾਜਾ ਵੜਿੰਗ ਨੇ ਆਪਣੇ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ 21 ਦਿਨਾਂ ਵਿੱਚ ਅਸੀਂ ਟੈਕਸ ਡਿਫਾਲਟਰ ਅਤੇ ਗੈਰ-ਕਾਨੂੰਨੀ ਪਰਮਿਟ ਵਿਰੁੱਧ ਕਾਰਵਾਈ ਕੀਤੀ ਹੈ।
- ਇਨ੍ਹਾਂ ਸਮੇਤ ਹੋਰ ਕਈ ਕਾਰਨਾਂ ਕਰਕੇ ਅਸੀਂ 258 ਬੱਸਾਂ ਨੂੰ ਜ਼ਬਤ ਕੀਤਾ ਅਤੇ ਕਈ ਹੋਰਾਂ ਨੂੰ ਕੰਪਾਊਂਡ ਕੀਤਾ। ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਵਿਰੋਧੀ ਪਾਰਟੀ ਨੇ ਇਹ ਦਾਅਵਾ ਨਹੀਂ ਕੀਤਾ ਕਿ ਇਹ ਗਲਤ ਹੋਇਆ ਹੈ ਮਤਲਬ ਕਿ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਤੋਂ ਗਲਤੀਆਂ ਹੋਈਆਂ ਹਨ, ਉਨ੍ਹਾਂ ਨੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਜਿਸ ਕਰਕੇ ਉਨ੍ਹਾਂ ਦੀਆਂ ਬੱਸਾਂ ਕੰਪਾਊਂਡ ਕੀਤੀਆਂ ਗਈਆਂ।
- ਇਸਦੇ ਨਾਲ ਹੀ ਸਰਕਾਰੀ ਖ਼ਜ਼ਾਨੇ ਵਿੱਚ ਹੁਣ ਤੱਕ 3.29 ਕਰੋੜ ਰੁਪਏ ਦੀ ਟੈਕਸ ਕੁਲੈਕਸ਼ਨ ਹੋਈ ਹੈ, ਜਿਸ ਵਿੱਚ ਵੱਡੀਆਂ ਕੰਪਨੀਆਂ ਨੇ ਜ਼ਿਆਦਾ ਟੈਕਸ 25 ਫੀਸਦ ਸਾਨੂੰ ਦਿੱਤਾ। ਅਸੀਂ ਇਨ੍ਹਾਂ ਨੂੰ ਇੱਕ ਸਾਲ ਦੇ ਟੈਕਸ ਵਿੱਚ ਕੁੱਝ ਰਾਹਤ ਵੀ ਦਿੱਤੀ ਸੀ।
- ਇਨ੍ਹਾਂ ਵੱਡੇ ਲੋਕਾਂ ਨੂੰ ਸਾਲ 2020 ਦੇ ਮੁਕੰਮਲ ਟੈਕਸ ਵਿੱਚ ਲਗਭਗ 95 ਕਰੋੜ ਰੁਪਏ ਦੀ ਰਾਹਤ ਮਿਲ ਚੁੱਕੀ ਹੈ ਜੋ ਕਿ ਮੇਰੇ ਆਉਣ ਤੋਂ ਪਹਿਲਾਂ ਮਿਲੀ ਸੀ। ਹੁਣ ਨਵੀਂ ਰਾਹਤ ਦੇਣ ਦੀ ਤਜਵੀਜ਼ ਬਣ ਰਹੀ ਹੈ।
- ਰਾਜਾ ਵੜਿੰਗ ਨੇ ਕਿਹਾ ਕਿ 15 ਸਤੰਬਰ ਤੋਂ 30 ਸਤੰਬਰ ਤੱਕ ਸਾਡੇ ਕੋਲ ਪੀਆਰਟੀਸੀ ਅਤੇ ਪਨਬਸ ਦੀ ਬੁਕਿੰਗ 46 ਕਰੋੜ 28 ਲੱਖ ਸੀ ਅਤੇ 1 ਅਕਤੂਬਰ ਤੋਂ ਬਾਅਦ 15 ਅਕਤੂਬਰ ਤੱਕ 54 ਕਰੋੜ 26 ਲੱਖ ਪ੍ਰਤੀ ਦਿਨ ਦੀ ਬੁਕਿੰਗ ਹੈ। ਇਸ ਨਾਲ 17.24 ਫੀਸਦੀ ਆਮਦਨ ਵਿੱਚ ਵਾਧਾ ਹੋਇਆ ਹੈ। ਸਾਡੀਆਂ ਦੋਵਾਂ ਕੰਪਨੀਆਂ ਨੇ ਰੋਜ਼ਾਨਾ ਆਮਦਨ ਵਿੱਚ 53 ਲੱਖ ਰੁਪਏ ਪ੍ਰਤੀ ਦਿਨ ਬੁਕਿੰਗ ਵਿੱਚ ਵਾਧਾ ਕੀਤਾ ਹੈ।
- ਰਾਜਾ ਵੜਿੰਗ ਨੇ ਦੱਸਿਆ ਕਿ 842 ਨਵੀਆਂ ਬੱਸਾਂ ਖਰੀਦਣ ਲਈ ਟਾਟਾ ਕੰਪਨੀ ਨੂੰ ਆਰਡਰ ਦੇ ਦਿੱਤਾ ਗਿਆ ਹੈ, ਜਿਸ ਵਿੱਚ ਪੰਜਾਬ ਰੋਡਵੇਜ਼ ਦੀਆਂ 587 ਬੱਸਾਂ ਅਤੇ ਪੀਆਰਟੀਸੀ ਦੀਆਂ 255 ਬੱਸਾਂ ਸ਼ਾਮਿਲ ਹਨ। ਇਹ ਬੱਸਾਂ ਸਾਨੂੰ 45 ਦਿਨਾਂ ਦੇ ਅੰਦਰ-ਅੰਦਰ ਮਿਲ ਜਾਣਗੀਆਂ ਯਾਨਿ ਦਸੰਬਰ ਦੇ ਅਖੀਰ ਤੱਕ ਇਹ ਸਾਰੀਆਂ ਨਵੀਆਂ ਬੱਸਾਂ ਸੜਕਾਂ ‘ਦੌੜਨਗੀਆਂ।
- ਨਵੀਆਂ ਬੱਸਾਂ ਲਈ ਸਾਨੂੰ ਲਗਭਗ 800 ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਸਟਾਫ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
- ਬੱਸਾਂ ਆਉਣ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਲੋਕਾਂ ਨੂੰ ਕੰਟਰੈਕਟ ਦੇ ਰਾਹੀਂ ਭਰਤੀ ਕੀਤਾ ਜਾਵੇਗਾ।
- ਨਵੇਂ ਬੱਸ ਸਟੈਂਡ ਅਤੇ ਵਰਕਸ਼ਾਪ 30 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਹਨ। ਕਈਆਂ ਦੇ ਟੈਂਡਰ ਹੋ ਗਏ ਹਨ ਅਤੇ ਕਈਆਂ ਦੇ ਰਹਿੰਦੇ ਹਨ।
- 70 ਬੱਸ ਅੱਡਿਆਂ ਦਾ ਨਵੀਨੀਕਰਨ ਕੀਤਾ ਜਾਵੇਗਾ।
- ਦਿਵਾਲੀ ਤੋਂ ਪਹਿਲਾਂ-ਪਹਿਲਾਂ ਅਸੀਂ ਪੈਂਡੈਂਸੀ ਮੇਲਾ ਲਾ ਰਹੇ ਹਾਂ, ਜਿਸਦੀ ਸ਼ੁਰੂਆਤ ਮੁਕਤਸਰ ਸਾਹਿਬ ਤੋਂ ਕੀਤੀ ਜਾਵੇਗੀ ਕਿਉਂਕਿ ਡਰਾਈਵਿੰਗ ਲਾਇਸੈਂਸ ਸਰਟੀਫਿਕੇਟ ਅਤੇ ਹੋਰ ਕਈ ਦਸਤਾਵੇਜ਼ਾਂ ਦੀ ਪੈਂਡੇਂਸੀ ਬਹੁਤ ਪਈ ਹੈ।
- ਵੜਿੰਗ ਨੇ ਕਿਹਾ ਕਿ ਬੱਸ ਅੱਡਿਆਂ ‘ਤੇ ਰੋਜ਼ਾਨਾ ਸਫਾਈ ਹੋਇਆ ਕਰੇਗੀ ਪਰ ਅਸੀਂ 15 ਦਿਨਾਂ ਬਾਅਦ ਹਰ ਐਤਵਾਰ ਨੂੰ ਬੱਸ ਅੱਡਿਆਂ ‘ਤੇ ਦੋ-ਤਿੰਨ ਘੰਟੇ ਲਾ ਕੇ ਸਫਾਈ ਮੁਹਿੰਮ ਕਰਿਆ ਕਰਾਂਗੇ। ਹੁਣ ਤੱਕ ਬੱਸ ਅੱਡਿਆਂ ‘ਤੇ ਸਫਾਈ ਦਾ ਚੰਗਾ ਮਾਹੌਲ ਬਣਾਇਆ ਗਿਆ ਹੈ।
- ਅਸੀਂ ਹੁਣ ਪੀਆਰਟੀਸੀ ਅਤੇ ਪਨਬਸ ਦੇ ਸਾਰੇ ਜੀਐੱਮਜ਼ ਨੂੰ ਪਾਵਰ ਦੇ ਦਿੱਤੀ ਹੈ ਕਿ ਹੁਣ ਉਹ 500 ਮੀਟਰ ਦੇ ਏਰੀਆ ਵਿੱਚ ਚੈਕਿੰਗ ਕਰਨਗੇ। ਕਈ ਵਾਰ ਬੱਸਾਂ ਵਾਲੇ ਬੱਸ ਅੱਡਿਆਂ ਦੇ ਅੰਦਰ ਲੈ ਕੇ ਨਹੀਂ ਜਾਂਦੇ ਅਤੇ ਬਾਹਰ ਹੀ ਬੱਸਾਂ ਖੜ੍ਹੀਆਂ ਕਰ ਦਿੰਦੇ ਸਨ। ਹੁਣ ਜੀਐੱਮਜ਼ ਇਨ੍ਹਾਂ ‘ਤੇ ਕਾਰਵਾਈ ਕਰ ਸਕਦੇ ਹਨ। ਵੜਿੰਗ ਨੇ ਕਿਹਾ ਕਿ ਪਹਿਲਾਂ ਆਰਟੀਐੱਸ ਕੋਲ ਹੀ ਗੱਡੀਆਂ ਚੈਕਿੰਗ ਕਰਨ ਦੀ ਪਾਵਰ ਸੀ।
- ਵੜਿੰਗ ਨੇ ਪਿਛਲੇ ਦਿਨੀਂ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਦੇ ਮੱਦੇਨਜ਼ਰ ਫੈਸਲਾ ਲੈਂਦਿਆਂ ਉਨ੍ਹਾਂ ਦੀ ਤਨਖਾਹ ਵਿੱਚ 30 ਫੀਸਦ ਵਾਧਾ ਇਸੇ ਮਹੀਨੇ ਤੋਂ ਕਰ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਦੀ ਤਨਖਾਹ ਵਿੱਚ ਹਰ ਸਾਲ 5 ਫੀਸਦ ਇਨਕਰੀਮੈਂਟ (ਵਾਧਾ) ਕਰਨ ਦਾ ਵੀ ਐਲਾਨ ਕੀਤਾ ਹੈ।