The Khalas Tv Blog India ਯਾਤਰਾ ਤੋਂ ਪਹਿਲਾਂ ਵੈਸ਼ਨੋ ਦੇਵੀ ਮੰਦਰ ਦੇ 8 ਪੁਜਾਰੀਆਂ ਨੂੰ ਹੋਇਆ ਕੋਰੋਨਾ, ਕੀ ਰੱਦ ਹੋ ਸਕਦੀ ਹੈ ਯਾਤਰਾ
India

ਯਾਤਰਾ ਤੋਂ ਪਹਿਲਾਂ ਵੈਸ਼ਨੋ ਦੇਵੀ ਮੰਦਰ ਦੇ 8 ਪੁਜਾਰੀਆਂ ਨੂੰ ਹੋਇਆ ਕੋਰੋਨਾ, ਕੀ ਰੱਦ ਹੋ ਸਕਦੀ ਹੈ ਯਾਤਰਾ

‘ਦ ਖ਼ਾਲਸ ਬਿਊਰੋ:- ਜੰਮੂ ਦੇ ਕਟੜਾ ਸ਼ਹਿਰ ਨੇੜੇ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਿਰ ਦੇ ਅੱਠ ਹੋਰ ਪੁਜਾਰੀ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ ਜਿਸ ਨਾਲ ਮੰਦਿਰ ਵਿੱਚ ਕੋਰੋਨਾ ਸੰਕਰਮਿਤ ਪੀੜਤਾਂ ਦੀ ਗਿਣਤੀ 12 ਹੋ ਗਈ ਹੈ। ਇਸ ਨਾਲ ਵੈਸ਼ਨੋ ਦੇਵੀ ਯਾਤਰਾ ‘ਤੇ ਅਸਰ ਪੈ ਸਕਦਾ ਹੈ।

11 ਅਗਸਤ ਨੂੰ ਵੈਸ਼ਨੋ ਦੇਵੀ ਮੰਦਿਰ ਵਿੱਚ ਤਿੰਨ ਭਜਨ ਗਾਇਕਾਂ ਅਤੇ ਇੱਕ ਜਵਾਨ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ 12 ਅਗਸਤ ਨੂੰ ਦੋ ਕਥਾ ਪੁਜਾਰੀ ਅਤੇ ਛੇ ਹੋਰ ਪੁਜਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ। ਇਨ੍ਹਾਂ ਸਾਰਿਆਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ।

ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਮਾਤਾ ਵੈਸ਼ਨੋ ਦੇਵੀ ਯਾਤਰਾ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। 16 ਅਗਸਤ ਤੋਂ ਸ਼ੁਰੂ ਕੀਤੀ ਜਾ ਰਹੀ ਵੈਸ਼ਨੋ ਦੇਵੀ ਯਾਤਰਾ ਲਈ 5000 ਯਾਤਰੀਆਂ ਨੂੰ ਰੋਜ਼ਾਨਾ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਨ੍ਹਾਂ ਵਿੱਚੋਂ 500 ਯਾਤਰੀ ਸੂਬੇ ਤੋਂ ਬਾਹਰ ਦੇ ਹੋ ਸਕਦੇ ਹਨ। ਇਨ੍ਹਾਂ ਯਾਤਰੀਆਂ ਦੀ ਰਜਿਸਟ੍ਰੇਸ਼ਨ ਆਨਲਾਈਨ ਹੋਵੇਗੀ ਤਾਂ ਜੋ ਕੋਈ ਭੀੜ ਨਾ ਹੋਵੇ।

ਰਾਜ ਤੋਂ ਬਾਹਰੋਂ ਆਉਣ ਵਾਲੇ ਯਾਤਰੀਆਂ ਅਤੇ ਜੰਮੂ-ਕਸ਼ਮੀਰ ਦੇ ਰੈਡ ਜ਼ੋਨ ਖੇਤਰਾਂ ‘ਚੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਦੀ ਇਜਾਜ਼ਤ ਉਦੋਂ ਹੀ ਦਿੱਤੀ ਜਾਵੇਗੀ ਜਦੋਂ ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਵੇਗਾ। ਇਸ ਯਾਤਰਾ ਦੇ ਦੌਰਾਨ ਕੋਰੋਨਾ ਤੋਂ ਬਚਣ ਲਈ ਸਾਰੇ ਜ਼ਰੂਰੀ ਪ੍ਰੋਟੋਕਾਲਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਨ੍ਹਾਂ ਧਾਰਮਿਕ ਸਥਾਨਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਮੂਰਤੀਆਂ ਨੂੰ ਛੂਹਣ ‘ਤੇ ਪਾਬੰਦੀ ਲਗਾਈ ਗਈ ਹੈ।

ਇਸ ਦੇ ਨਾਲ ਹੀ ਸਰਕਾਰ ਨੇ ਗਰਭਵਤੀ ਔਰਤਾਂ, 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਯਾਤਰਾ ਤੋਂ ਪਰਹੇਜ਼ ਕਰਨ ਲਈ ਕਿਹਾ ਹੈ। ਮਾਤਾ ਵੈਸ਼ਨੋ ਦੇਵੀ ਮੰਦਿਰ ਵਿੱਚ 12 ਲੋਕਾਂ ਦੇ ਸੰਕਰਮਿਤ ਹੋਣ ‘ਤੇ ਇਸ ਯਾਤਰਾ ਸਬੰਧੀ ਲੋਕਾਂ ਦੀ ਸੁਰੱਖਿਆ ਲਈ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਵੀ ਫ਼ੈਸਲਾ ਨਹੀਂ ਲਿਆ ਹੈ।

Exit mobile version