The Khalas Tv Blog Punjab SGPC ਦੀ ਪ੍ਰਧਾਨਗੀ ਚੋਣ ਦੀ ਤਰੀਕ ਦਾ ਐਲਾਨ !
Punjab

SGPC ਦੀ ਪ੍ਰਧਾਨਗੀ ਚੋਣ ਦੀ ਤਰੀਕ ਦਾ ਐਲਾਨ !

 

ਬਿਉਰੋ ਰਿਪੋਰਟ : 8 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗੀ । ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚੋਣ ਤਰੀਕ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸੇ ਦਿਨ ਹੀ 11 ਮੈਂਬਰੀ ਅੰਤ੍ਰਿੰਗ ਕਮੇਟੀ ਦੀ ਵੀ ਚੋਣ ਹੋਵੇਗੀ। 19 ਅਕਤੂਬਰ ਨੂੰ ਅ੍ਰੰਤਿੰਗ ਕਮੇਟੀ ਦੀ ਅਖੀਰਲੀ ਵਾਰ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ । ਉੱਧਰ ਪਿਛਲੀ ਵਾਰ ਹਰਜਿੰਦਰ ਸਿੰਘ ਧਾਮੀ ਨੂੰ ਕਰੜੀ ਟੱਕਰ ਦੇਣ ਵਾਲੀ ਬੀਬੀ ਜਗੀਰ ਕੌਰ ਨੂੰ ਲੈ ਕੇ ਇਸ ਵਾਰ ਵੀ ਸਾਰਿਆਂ ਦੀ ਨਜ਼ਰਾਂ ਲੱਗਿਆਂ ਹੋਇਆ ਸਨ । ‘ਦ ਖ਼ਾਲਸ ਟੀਵੀ ਨੇ ਉਨ੍ਹਾਂ ਨਾਲ ਖਾਸ ਗੱਲਬਾਤ ਦੌਰਾਨ ਉਨ੍ਹਾਂ ਦੇ ਮੁੜ ਤੋਂ ਇਸ ਵਾਰ ਚੋਣ ਲੜਨ ਬਾਰੇ ਪੁੱਛਿਆ ਤਾਂ ਉਨ੍ਹਾਂ ਜਵਾਬ ਢਿੱਲਾ ਮੱਠਾ ਸੀ ।

ਬੀਬੀ ਜਗੀਰ ਕੌਰ ਨੂੰ ਜਦੋਂ ਪੁੱਛਿਆ ਕੀ ਤੁਸੀਂ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੀ ਰੇਸ ਵਿੱਚ ਹੋ ? ਜਵਾਬ ਵਿੱਚ ਬੀਬੀ ਜਗੀਰ ਕੌਰ ਨੇ ਕਿਹਾ ‘ਜ਼ਰੂਰੀ ਨਹੀਂ ਹੈ ਕਿ ਮੈਂ ਹੀ ਚੋਣ ਲੜਾ,ਕੋਈ ਹੋਰ ਵੀ ਸਾਡੇ ਵੱਲੋਂ ਚੋਣ ਲੜ ਸਕਦਾ ਹੈ । ਅਸੀਂ ਜਲਦ ਮੀਟਿੰਗ ਕਰਕੇ ਇਸ ‘ਤੇ ਫ਼ੈਸਲਾ ਕਰਾਂਗੇ।’ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਚੋਣ ਕਿਉਂ ਨਹੀਂ ਲੜਨਾ ਚਾਹੁੰਦੇ ?ਬੀਬੀ ਜੀ ਨੇ ਕਿਹਾ ਸਾਡਾ ਫੋਕਸ ਹੁਣ ਜਨਰਲ ਚੋਣਾਂ ਨੂੰ ਲੈਕੇ ਹੈ। ਅਸੀਂ ਡਟ ਕੇ ਇਸ ਦੀ ਤਿਆਰੀ ਕਰ ਰਹੇ ਹਾਂ ਅਤੇ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਖੁੱਲ ਕੇ ਵੋਟਿੰਗ ਕਰਨ ਕਿਉਂਕਿ 12 ਸਾਲ ਬਾਅਦ ਚੋਣ ਹੋਣੀ ਹੈ ਪਛਤਾਉਣ ਨਾਲ ਫਿਰ ਕੁਝ ਨਹੀਂ ਹੋਣਾ’। ਸਾਫ਼ ਹੈ ਕਿ ਬੀਬੀ ਜਗੀਰ ਕੌਰ ਫ਼ਿਲਹਾਲ ਇਸ ਵਾਰ ਆਪ ਅਕਾਲੀ ਦਲ ਦੇ ਉਮੀਦਵਾਰ ਨੂੰ ਟੱਕਰ ਦੇਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਹਨ । ਉਨ੍ਹਾਂ ਦੇ ਵੱਲੋਂ ਕਿਸੇ ਹੋਰ ਉਮੀਦਵਾਰ ਨੂੰ ਹਮਾਇਤ ਦਿੱਤੀ ਜਾ ਸਕਦੀ ਹੈ ।

 

ਬੀਬੀ ਜਗੀਰ ਕੌਰ ਨੂੰ ਜਦੋਂ ਪੁੱਛਿਆ ਗਿਆ ਕਿ ਜਨਰਲ ਚੋਣਾਂ ਦੌਰਾਨ ਕਿਸੇ ਨਾਲ ਭਾਈਵਾਲ ਕਰਨਗੇ। ਜਿਵੇਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ SGPC ਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਉਤਾਰਨ ਦਾ ਫ਼ੈਸਲਾ ਲਿਆ ਹੈ ? ਬੀਬੀ ਜਗੀਰ ਕੌਰ ਨੇ ਕਾਲਕਾ ਨੂੰ ਨਸੀਹਤ ਦਿੱਤੀ ਕਿ ਉਹ ਦਿੱਲੀ ਕਮੇਟੀ ਸਾਂਭਣ । ਨਾਲ ਹੀ ਬੀਬੀ ਜਗੀਰ ਕੌਰ ਨੇ ਕਿਹਾ ਸਮੇਂ ਦੇ ਨਾਲ ਅਸੀਂ ਪਾਰਟੀ ਵਿੱਚ ਬੈਠ ਕੇ ਫ਼ੈਸਲਾ ਕਰਾਂਗੇ।

2022 ਵਿੱਚ SGPC ਦੀ ਪ੍ਰਧਾਨਗੀ ਦੀ ਚੋਣ ਵਿੱਚ ਮੁਕਾਬਲਾ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਅਤੇ ਬੀਬੀ ਜਗੀਰ ਕੌਰ ਦੇ ਵਿਚਾਲੇ ਸੀ। ਅਕਾਲੀ ਦਲ ਨੇ ਜਦੋਂ ਬੀਬੀ ਜਗੀਰ ਕੌਰ ਦੀ ਇੱਛਾ ਮੁਤਾਬਿਕ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ ਤਾਂ ਬੀਬੀ ਜਗੀਰ ਕੌਰ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਲਿਆ । ਬੀਬੀ ਜਗੀਰ ਕੌਰ ਦੇ ਚੋਣ ਮੈਦਾਨ ਵਿੱਚ ਉੱਤਰਨ ਤੋਂ ਬਾਅਦ ਸਿੱਖ ਸਿਆਸਤ ਗਰਮਾ ਗਈ । ਬੀਬੀ ਜਗੀਰ ਕੌਰ ਦੇ ਪੱਖ 42 ਵੋਟਾਂ ਪਈਆਂ ਜਦਕਿ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦੇ ਹੱਕ ਵਿੱਚ 104 ਵੋਟਾਂ ਪਈਆਂ ਸਨ । ਅਕਾਲੀ ਦਲ ਚੋਣ ਭਾਵੇਂ ਜਿੱਤ ਗਿਆ ਸੀ ਪਰ ਚੋਣਾਂ ਤੋਂ ਪਹਿਲਾਂ ਅਤੇ ਚੋਣ ਵਾਲੇ ਦਿਨ ਤੱਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੜਕਣਾਂ ਤੇਜ਼ ਸਨ । ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਤਕਰੀਬਨ 20 ਸਾਲ ਬਾਅਦ ਬਾਦਲ ਪਰਿਵਾਰ ਨੂੰ SGPC ਚੋਣਾਂ ਵਿੱਚ ਸਿੱਧੀ ਚੁਨੌਤੀ ਮਿਲੀ ਸੀ ।

Exit mobile version