The Khalas Tv Blog Punjab ਜਗਰਾਓਂ ‘ਚ 8 ਏਕੜ ਕਣਕ ਦੀ ਫਸਲ ਸੜ ਕੇ ਸੁਆਹ, ਹਾਈ ਟੈਂਸ਼ਨ ਤਾਰਾਂ ਦੀ ਚੰਗਿਆੜੀ ਕਾਰਨ ਫੈਲੀ ਅੱਗ
Punjab

ਜਗਰਾਓਂ ‘ਚ 8 ਏਕੜ ਕਣਕ ਦੀ ਫਸਲ ਸੜ ਕੇ ਸੁਆਹ, ਹਾਈ ਟੈਂਸ਼ਨ ਤਾਰਾਂ ਦੀ ਚੰਗਿਆੜੀ ਕਾਰਨ ਫੈਲੀ ਅੱਗ

ਜਗਰਾਓਂ  ਦੇ ਪਿੰਡ ਗਾਲਿਬ ਕਲਾਂ ਵਿੱਚ ਖੇਤਾਂ ਦੇ ਉਪਰੋਂ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਵਿੱਚੋਂ ਨਿਕਲੀਆਂ ਚੰਗਿਆੜੀਆਂ ਨੇ ਕਿਸਾਨਾਂ ਦੇ ਖੇਤਾਂ ਨੂੰ ਸਾੜ ਦਿੱਤਾ। ਇਸ ਘਟਨਾ ਵਿੱਚ ਚਾਰ ਦੇ ਕਰੀਬ ਕਿਸਾਨਾਂ ਦੀ ਲੱਖਾਂ ਰੁਪਏ ਦੀ ਫ਼ਸਲ ਦਾ ਨੁਕਸਾਨ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਖੇਤਾਂ ‘ਚ ਖੜ੍ਹੀ ਕਣਕ ਅਤੇ ਦਾਲ ਸੜ ਕੇ ਸੁਆਹ ਦੇ ਢੇਰ ‘ਚ ਤਬਦੀਲ ਹੋ ਗਈ।

ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਗਾਲਿਬ ਕਲਾਂ ‘ਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਪਰ ਇਸ ਤੋਂ ਪਹਿਲਾਂ ਹੀ ਦੂਜੇ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਬਚਾਉਣ ਲਈ ਕਿਸਾਨਾਂ ਨੇ ਖੁਦ ਹੀ ਟਰੈਕਟਰ ਆਦਿ ਚਲਾ ਕੇ ਅੱਧਾ ਏਕੜ ਦੇ ਕਰੀਬ ਫਸਲ ਤਬਾਹ ਕਰ ਦਿੱਤੀ ਤਾਂ ਜੋ ਅੱਗ ਅੱਗੇ ਕਿਸੇ ਹੋਰ ਦੇ ਖੇਤਾਂ ਵੱਲ ਨਾ ਵਧ ਸਕੇ।

ਇਸ ਦੌਰਾਨ ਕਿਸਾਨ ਅੰਮ੍ਰਿਤਪਾਲ ਸਿੰਘ ਦੀ 4.25 ਏਕੜ ਕਣਕ ਦੀ ਫ਼ਸਲ ਅਤੇ ਅਮਨਦੀਪ ਸਿੰਘ ਦੀ 4 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਜਦੋਂਕਿ ਹਰਜੀਤ ਸਿੰਘ ਦੀ 5 ਏਕੜ ਅਤੇ ਮਿੰਟਾ ਬਰਾੜ ਦੀ ਤਿੰਨ ਏਕੜ ਜ਼ਮੀਨ ਸੜ ਕੇ ਸੁਆਹ ਦੇ ਢੇਰ ਬਣ ਗਈ।

ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਤੋਂ ਵਾਢੀ ਸ਼ੁਰੂ ਕਰਨੀ ਹੈ। ਪਰ ਇਸ ਤੋਂ ਪਹਿਲਾਂ ਹੀ ਖੇਤਾਂ ਦੇ ਉਪਰੋਂ ਲੰਘਦੀਆਂ ਹਾਈ ਟੈਂਸ਼ਨ ਤਾਰਾਂ ਤੋਂ ਨਿਕਲੀ ਅੱਗ ਦੀ ਚੰਗਿਆੜੀ ਨੇ ਉਨ੍ਹਾਂ ਦੀ ਸਾਰੀ ਫ਼ਸਲ ਨੂੰ ਸੁਆਹ ਦੇ ਢੇਰ ਵਿੱਚ ਬਦਲ ਦਿੱਤਾ। ਜਿਸ ਕਾਰਨ ਉਸਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਇੱਕ ਪੀੜਤ ਨੇ ਦੱਸਿਆ ਕਿ ਉਸ ਨੇ ਜ਼ਮੀਨ ਠੇਕੇ ’ਤੇ ਲਈ ਸੀ। ਪਰ ਹੁਣ ਫ਼ਸਲ ਖ਼ਰਾਬ ਹੋਣ ਕਾਰਨ ਉਹ ਪੂਰੀ ਤਰ੍ਹਾਂ ਕਰਜ਼ੇ ਹੇਠ ਦੱਬਿਆ ਹੋਇਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਉਨ੍ਹਾਂ ਦੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

 

Exit mobile version