The Khalas Tv Blog India ਛੱਤੀਸਗੜ੍ਹ ਵਿਧਾਨ ਸਭਾ ‘ਚ ਨਵੇਂ ਚੁਣੇ 90 ਵਿਧਾਇਕਾਂ ’ਚੋਂ 72 ਕਰੋੜਪਤੀ
India

ਛੱਤੀਸਗੜ੍ਹ ਵਿਧਾਨ ਸਭਾ ‘ਚ ਨਵੇਂ ਚੁਣੇ 90 ਵਿਧਾਇਕਾਂ ’ਚੋਂ 72 ਕਰੋੜਪਤੀ

72 millionaires out of 90 newly elected MLAs in Chhattisgarh Vidhan Sabha

ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿੱਚ 90 ਨਵੇਂ ਚੁਣੇ ਗਏ ਵਿਧਾਇਕਾਂ ਵਿੱਚੋਂ 72 ਕਰੋੜਪਤੀ ਹਨ, ਜਦੋਂ ਕਿ ਪਿਛਲੀ ਵਿਧਾਨ ਸਭਾ ਵਿੱਚ ਅਜਿਹੇ ਵਿਧਾਇਕਾਂ ਦੀ ਗਿਣਤੀ 68 ਸੀ। ਸਭ ਤੋਂ ਘੱਟ ਜਾਇਦਾਦ ਵਾਲੇ ਤਿੰਨ ਵਿਧਾਇਕ ਹਨ। ਛੱਤੀਸਗੜ੍ਹ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) 54 ਸੀਟਾਂ ਜਿੱਤ ਕੇ ਸਰਕਾਰ ਬਣਾ ਰਹੀ ਹੈ। 2018 ‘ਚ ਸੂਬੇ ‘ਚ 68 ਸੀਟਾਂ ਜਿੱਤਣ ਵਾਲੀ ਕਾਂਗਰਸ 35 ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ ਅਤੇ ਗੋਂਡਵਾਨਾ ਗਣਤੰਤਰ ਪਾਰਟੀ (ਜੀਜੀਪੀ) ਪਹਿਲੀ ਵਾਰ ਇਕ ਸੀਟ ਜਿੱਤਣ ‘ਚ ਕਾਮਯਾਬ ਰਹੀ ਹੈ।

ਗ਼ੈਰ-ਸਰਕਾਰੀ ਸੰਗਠਨ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਅਤੇ ਛੱਤੀਸਗੜ੍ਹ ਇਲੈਕਸ਼ਨ ਵਾਚ ਨੇ ਰਿਪੋਰਟ ਜਾਰੀ ਕਰਦਿਆਂ ਦੱਸਿਆ ਹੈ ਕਿ ਸੂਬੇ ਦੀ ਛੇਵੀਂ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਚੁਣੇ ਗਏ 72 (80 ਫ਼ੀਸਦੀ) ਵਿਧਾਇਕ ਕਰੋੜਪਤੀ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦੇ 54 ਵਿਧਾਇਕਾਂ ਵਿੱਚ 43 (80 ਫ਼ੀਸਦੀ) ਕਰੋੜਪਤੀ ਹਨ। ਇਨ੍ਹਾਂ ਵਿਧਾਇਕਾਂ ਨੇ ਚੋਣਾਵੀਂ ਹਲਫ਼ਨਾਮੇ ਦਾਇਰ ਕਰਦੇ ਸਮੇਂ ਆਪਣੀ ਜਾਇਦਾਦ ਇੱਕ ਕਰੋੜ ਰੁਪਏ ਤੋਂ ਵੱਧ ਐਲਾਨੀ ਸੀ। ਇਸੇ ਤਰ੍ਹਾਂ 35 ਸੀਟਾਂ ਜਿੱਤਣ ਵਾਲੀ ਕਾਂਗਰਸ ਵਿੱਚ ਅਜਿਹੇ ਵਿਧਾਇਕਾਂ ਦੀ ਗਿਣਤੀ 29 (83 ਫ਼ੀਸਦੀ) ਹੈ।

ਰਿਪੋਰਟ ਅਨੁਸਾਰ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ 2023 ਵਿੱਚ ਜੇਤੂ ਉਮੀਦਵਾਰਾਂ ਦੀ ਔਸਤਨ ਜਾਇਦਾਦ 5.25 ਕਰੋੜ ਰੁਪਏ ਹੈ, ਜਦਕਿ ਸਾਲ 2018 ਦੌਰਾਨ ਵਿਧਾਇਕਾਂ ਦੀ ਔਸਤ ਜਾਇਦਾਦ 11.63 ਕਰੋੜ ਰੁਪਏ ਸੀ।

ਪਹਿਲੀ ਵਾਰ ਵਿਧਾਇਕ ਚੁਣੀ ਗਈ ਭਾਜਪਾ ਦੀ ਭਵਨ ਬੋਹਰਾ (ਪੰਡਰੀਆ ਸੀਟ) 33.86 ਕਰੋੜ ਰੁਪਏ ਦੀ ਜਾਇਦਾਦ ਨਾਲ ਕਰੋੜਪਤੀ ਵਿਧਾਇਕਾਂ ਦੀ ਸੂਚੀ ਵਿੱਚ ਸਿਖਰ ’ਤੇ ਹੈ। ਇਸ ਮਗਰੋਂ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪੇਸ਼ ਬਘੇਲ (ਪਾਟਨ) 33.38 ਕਰੋੜ ਰੁਪਏ ਦੀ ਜਾਇਦਾਦ ਨਾਲ ਦੂਜੇ ਸਥਾਨ ’ਤੇ ਹਨ। ਭਾਜਪਾ ਦੇ ਅਮਰ ਅਗਰਵਾਲ (ਬਿਲਾਸਪੁਰ) 27 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਨਾਲ ਤੀਜੇ ਸਥਾਨ ’ਤੇ ਹੈ।

ਰਿਪੋਰਟ ਵਿੱਚ ਸਭ ਤੋਂ ਘੱਟ ਜਾਇਦਾਦ ਵਾਲੇ ਤਿੰਨ ਵਿਧਾਇਕ ਹਨ, ਜਿਸ ਅਨੁਸਾਰ ਕਾਂਗਰਸ ਦੇ ਵਿਧਾਇਕ ਰਾਮਕੁਮਾਰ ਯਾਦਵ (ਚੰਦਰਪੁਰ) ਦੀ ਜਾਇਦਾਦ 10 ਲੱਖ ਰੁਪਏ, ਭਾਜਪਾ ਦੇ ਰਾਮਕੁਾਰ ਟੋਪੋ (ਸੀਤਾਪੁਰ) ਦੀ ਜਾਇਦਾਦ 13.12 ਲੱਖ ਰੁਪਏ ਅਤੇ ਪਾਰਟੀ ਦੇ ਸੰਸਦ ਮੈਂਬਰ ਗੋਮਤੀ ਸਾਈ (ਪੱਥਲਪਿੰਡ) ਦੀ ਜਾਇਦਾਦ 15.47 ਲੱਖ ਰੁਪਏ ਹੈ। ਚੰਦਰਪੁਰ ਸੀਟ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ ਯਾਦਵ ਕੋਲ ਸਾਰੇ 90 ਵਿਧਾਇਕਾਂ ਤੋਂ ਸਭ ਤੋਂ ਘੱਟ ਜਾਇਦਾਦ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 90 ਵਿਧਾਇਕਾਂ ਵਿੱਚੋਂ 33 (37 ਫੀਸਦੀ) ਨੇ ਆਪਣੀ ਵਿੱਦਿਅਕ ਯੋਗਤਾ ਪੰਜਵੀਂ ਪਾਸ ਅਤੇ 12ਵੀਂ ਪਾਸ ਵਿਚਾਲੇ ਐਲਾਨੀ ਹੈ ਅਤੇ 54 (60 ਫ਼ੀਸਦੀ) ਕੋਲ ਗਰੈਜੂਏਸ਼ਨ ਜਾਂ ਉੱਚ ਵਿੱਦਿਅਕ ਯੋਗਤਾ ਹੈ। ਜਿੱਤਣ ਵਾਲੇ ਦੋ ਉਮੀਦਵਾਰ ਅਜਿਹੇ ਹਨ, ਜੋ ਡਿਪਲੋਮਾਧਾਰਕ ਹਨ, ਜਦਕਿ ਇੱਕ ਵਿਧਾਇਕ ਨੇ ਖੁਦ ਨੂੰ ਸਿਰਫ਼ ‘ਸਾਖਰ’ ਦੱਸਿਆ ਹੈ। ਇਸ ਤੋਂ ਇਲਾਵਾ 44 (49 ਫ਼ੀਸਦੀ) ਵਿਧਾਇਕਾਂ ਨੇ ਆਪਣੀ ਉਮਰ 25 ਤੋਂ 50 ਸਾਲ ਦਰਮਿਆਨ ਦੱਸੀ ਹੈ ਅਤੇ 46 (51 ਫ਼ੀਸਦੀ) ਨੇ 51 ਤੋਂ 80 ਸਾਲ ਦਰਮਿਆਨ ਦੱਸੀ ਹੈ।

ਅਹੀਵਾਰਾ (ਐੱਸਸੀ) ਸੀਟ ਤੋਂ ਭਾਜਪਾ ਦੇ ਨਵੇਂ ਚੁਣੇ ਵਿਧਾਇਕ ਦੋਮਨਲਾਲ ਕੋਰਸੇਵਾੜਾ (75 ਸਾਲ) ਵਿਧਾਨ ਸਭਾ ਵਿੱਚ ਸਭ ਤੋਂ ਵੱਡੀ ਉਮਰ ਦੇ ਵਿਧਾਇਕ ਹਨ ਅਤੇ ਬਿਲਾਈਗੜ੍ਹ (ਐੱਸਸੀ) ਸੀਟ ਤੋਂ ਕਾਂਗਰਸ ਦੀ ਨਵੀਂ ਚੁਣੀ ਗਈ ਵਿਧਾਇਕ ਕਵਿਤਾ ਪ੍ਰਾਣ ਲਾਹਰੇ (30) ਸਭ ਤੋਂ ਘੱਟ ਉਮਰ ਦੀ ਵਿਧਾਇਕ ਹੈ।

Exit mobile version