ਬਿਉਰੋ ਰਿਪੋਰਟ: ਡਮਬੈਰਟਨ (ਸਕਾਟਲੈਂਡ) ਦੇ ਰਹਿਣ ਵਾਲੇ ਜਗਤਾਰ ਸਿੰਘ ਜੱਗੀ ਜੌਹਲ ਨੂੰ ਭਾਰਤ ਵਿੱਚ ਨਜ਼ਰਬੰਦ ਹੋਇਆਂ ਅੱਜ ਪੂਰੇ 7 ਸਾਲ ਬੀਤੇ ਗਏ ਹਨ। ਜਾਣਕਾਰੀ ਮੁਤਾਬਕ ਅੱਜ ਤੱਕ ਪੁਲਿਸ ਜਾਂ ਏਜੰਸੀਆਂ ਜੱਗੀ ਖ਼ਿਲਾਫ਼ ਕੋਈ ਸਬੂਤ ਪੇਸ਼ ਨਹੀਂ ਸਕੀਆਂ, ਬਲਕਿ ਰਿਮਾਂਡ ’ਤੇ ਦੋਸ਼ੀ ਠਹਿਰਾਏ ਬਿਨਾਂ ਹੀ ਉਸਨੂੰ ਕੈਦ ਕੀਤਾ ਹੋਇਆ ਹੈ।
‘ਫਰੀ ਜੱਗੀ ਨਾਓ’ ਨਾਂ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਇਸ ਸਬੰਧੀ ਪੋਸਟ ਲਿਖ ਕੇ ਜੱਗੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਹਨ। ਪੋਸਟ ਵਿੱਚ ਲਿਖਿਆ ਹੈ, “ਅੱਜ 7 ਸਾਲ ਪੂਰੇ ਹੋ ਗਏ ਹਨ ਜਦੋਂ ਜਗਤਾਰ ਨੂੰ ਭਾਰਤ ਵਿੱਚ ਸਾਦੇ ਕੱਪੜਿਆਂ ਵਾਲੇ ਅਫਸਰਾਂ ਦੁਆਰਾ ਅਗਵਾ ਕੀਤਾ ਗਿਆ ਸੀ ਅਤੇ ਉਦੋਂ ਤੋਂ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤਾ ਗਿਆ ਹੈ। ਯੂਕੇ ਸਰਕਾਰ ਨੇ ਜਗਤਾਰ ਦੀ ਰਿਹਾਈ ਲਈ ਆਵਾਜ਼ ਨਹੀਂ ਉਠਾਈ ਅਤੇ ਜਗਤਾਰ ਨੂੰ ਜੋ ਤਸ਼ੱਦਦ ਸਹਿਣਾ ਪਿਆ ਹੈ, ਉਸ ਵਿਚ ਵੀ ਉਹ ਭਾਗੀਦਾਰ ਰਹੀ ਹੈ। ਅੱਜ ਤੱਕ, ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਅਤੇ ਜਗਤਾਰ ਰਿਮਾਂਡ ’ਤੇ ਦੋਸ਼ੀ ਠਹਿਰਾਏ ਬਿਨਾਂ ਹੀ ਕੈਦ ਹੈ।”
ਦੱਸ ਦੇਈਏ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਨੂੰ ਪੰਜਾਬ ਪੁਲਿਸ ਨੇ 4 ਨਵੰਬਰ 2017 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਸੀ। ਉਸ ’ਤੇ ਆਰਐਸਐਸ ਆਗੂ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਸਮੇਤ ਕਈ ਆਗੂਆਂ ਦੀ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਸੀ। ਫਿਲਹਾਲ ਉਹ ਦਿੱਲੀ ਦੀ ਤਿਹਾੜ ਜੇਲ ’ਚ ਬੰਦ ਹੈ ਅਤੇ ਉਸ ’ਤੇ ਕਿਸੇ ਵੀ ਇਲਜ਼ਾਮ ’ਚ ਮੁਕੱਦਮਾ ਨਹੀਂ ਚਲਾਇਆ ਗਿਆ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਜੌਹਲ ਖ਼ਿਲਾਫ਼ ਅੱਠ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
2017 ਵਿੱਚ ਉਸ ਵੇਲੇ ਜੱਗੀ ਡਮਬੈਰਟਨ (ਸਕਾਟਲੈਂਡ) ਤੋਂ ਭਾਰਤ ਆਇਆ ਹੋਇਆ ਸੀ। ਉਸ ਵੇਲੇ ਉਸਦੇ ਪਰਿਵਾਰ ਦਾ ਕਹਿਣਾ ਸੀ ਕਿ ਇੱਕ ਅਣਜਾਣ ਕਾਰ ਜਗਤਾਰ ਨੂੰ ਚੁੱਕ ਕੇ ਲੈ ਗਈ ਸੀ। ਜਗਤਾਰ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਸਨੂੰ ਕਈ ਦਿਨਾਂ ਤੱਕ ਤਸੀਹੇ ਦਿੱਤੇ ਗਏ। ਉਸਨੂੰ ਬਿਜਲੀ ਦੇ ਝਟਕੇ ਵੀ ਦਿੱਤੇ ਗਏ। ਉਦੋਂ ਤੋਂ ਉਸਨੂੰ ਨਜ਼ਰਬੰਦ ਰੱਖਿਆ ਗਿਆ ਹੈ।
ਉਸ ਤੋਂ ਬਾਅਦ ਦੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵੱਖ-ਵੱਖ ਸਮਿਆਂ ਉੱਤੇ ਮਾਮਲਾ ਚੁੱਕਿਆ ਹੈ ਪਰ ਭਾਰਤ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਜੌਹਲ ਨੂੰ ਤਸੀਹੇ ਦਿੱਤੇ ਗਏ ਸਨ ਜਾਂ ਉਨ੍ਹਾਂ ਨਾਲ ਕੋਈ ਦੁਰਵਿਵਹਾਰ ਕੀਤਾ ਗਿਆ ਸੀ। ਮਈ 2022 ਵਿੱਚ ਜੌਹਲ ’ਤੇ ਕਤਲ ਦੀ ਸਾਜ਼ਿਸ਼ ਰਚਣ ਅਤੇ ਇੱਕ ਅੱਤਵਾਦੀ ਗਿਰੋਹ ਦਾ ਮੈਂਬਰ ਹੋਣ ਦਾ ਇਲਜ਼ਾਮ ਕਾਨੂੰਨੀ ਤੌਰ ’ਤੇ ਲਗਾ ਦਿੱਤਾ ਗਿਆ ਸੀ।