The Khalas Tv Blog Punjab ਐਸਜੀਪੀਸੀ ਦੇ 7 ਵੱਡੇ ਫੈਸਲੇ…
Punjab

ਐਸਜੀਪੀਸੀ ਦੇ 7 ਵੱਡੇ ਫੈਸਲੇ…

7 major decisions of SGPC...

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅੰਤ੍ਰਿਮ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਸਾਲ ਦੀ ਇਹ ਆਖਰੀ ਐਗਜ਼ੈਕਟਿਵ ਮੀਟਿੰਗ ਹੈ। ਉਨ੍ਹਾਂ ਨੇ SGPC ਦੇ ਪ੍ਰਧਾਨ ਦੀ ਚੋਣ ਦੀ ਤਰੀਕ ਦਾ ਐਲਾਨ ਕਰਦਿਆਂ ਕਿਹਾ ਕਿ 8 ਨਵੰਬਰ ਨੂੰ SGPC ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗੀ ਅਤੇ 11 ਨਵੰਬਰ ਨੂੰ ਅੰਤ੍ਰਿਗ ਕਮੇਟੀ ਦੇ ਮੈਂਬਰ ਵੀ ਚੁਣੇ ਜਾਣਗੇ।

ਧਾਮੀ ਨੇ ਐੱਸਵਾਈਐੱਲ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਸੂਬਾ ਸਰਕਾਰ ਸੂਬੇ ਦੇ ਹੱਕਾਂ ਦੀ ਤਰਜਮਾਨੀ ਕਰਦਿਆਂ ਨਹਿਰ ਦੇ ਵਿਰੋਧ ਵਿੱਚ ਆਪਣਾ ਪੱਖ ਦਰਜ ਕਰਵਾਏ। ਧਾਮੀ ਨੇ ਦਾਅਵਾ ਕੀਤਾ ਕਿ ਐੱਸਵਾਈਐੱਲ ਦੇ ਵਿਰੋਧ ਵਿੱਚ ਖੜੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ ਸੰਸਥਾਵਾਂ ਦੇ ਹੱਕ ਵਿੱਚ ਖੜੇਗੀ ਅਤੇ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ। ਇਸਦੇ ਲਈ ਅਸੀਂ ਕੇਂਦਰ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਕੋਲ ਪਾਣੀ ਥੋੜਾ ਹੈ।

ਧਾਮੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 1984 ਸਿੱਖ ਕਤਲੇਆਮ ਦੇ ਪੀੜਤਾਂ ਦੇ ਰੱਦ ਕੀਤੇ ਗਏ ਰੈੱਡ ਕਾਰਡਾਂ ਨੂੰ ਤੁਰੰਤ ਬਹਾਲ ਕੀਤੇ ਜਾਣ।

ਧਾਮੀ ਨੇ ਕਿਹਾ ਕਿ ਹਾਕੀ ਸਮੇਤ ਏਸ਼ੀਆਈ ਖੇਡਾਂ ਵਿੱਚ ਸਾਡੇ ਬੱਚੇ ਮੈਡਲ ਲੈ ਕੇ ਆਏ ਹਨ। ਇਨ੍ਹਾਂ ਵਿੱਚੋਂ ਇੱਕ ਸਾਬਤ ਸੂਰਤ ਸਿੱਖ ਮੁੰਡਾ ਜਰਮਨਜੀਤ ਸਿੰਘ ਵੀ ਸ਼ਾਮਿਲ ਹੈ। ਇਸ ਲਈ ਹਾਕੀ ਟੀਮ ਵਿੱਚ ਪੰਜਾਬ ਦੇ ਜਿੰਨੇ ਸਿੱਖ ਖਿਡਾਰੀ ਹਨ, ਉਨ੍ਹਾਂ ਨੂੰ 50-50 ਹਜ਼ਾਰ ਰੁਪਏ ਅਤੇ ਜਰਮਨਜੀਤ ਸਿੰਘ ਨੂੰ ਦੋ ਲੱਖ ਰੁਪਏ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਜਾਣਗੇ। ਖੇਡਾਂ ਵਿੱਚ ਸ਼ੂਟਰ ਸਿਫ਼ਤ ਕੌਰ ਦੀ ਵੀ ਸ਼੍ਰੋਮਣੀ ਕਮੇਟੀ ਹੌਂਸਲਾ ਅਫ਼ਜ਼ਾਈ ਕਰੇਗੀ।

ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਹੋਈ ਸਾਡੀ ਦਸਤਖ਼ਤ ਮੁਹਿੰਮ ਤਹਿਤ ਜੋ 26 ਲੱਖ ਦਸਤਖ਼ਤ ਹੋਏ ਹਨ, ਉਸਦਾ ਮੈਮੋਰੈਂਡਮ ਸੌਂਪਣ ਲਈ ਅਸੀਂ ਰਾਜਪਾਲ ਤੋਂ ਸਮੇਂ ਦੀ ਮੰਗ ਕੀਤੀ ਹੋਈ ਹੈ।

ਚੋਣ ਕਮਿਸ਼ਨ ਪੰਜਾਬ ਨੂੰ ਅਪੀਲ ਕਰਦਿਆਂ ਧਾਮੀ ਨੇ ਕਿਹਾ ਕਿ ਚੋਣ ਕਮਿਸ਼ਨ ਪੰਜਾਬ ਵੱਲੋਂ ਪਹਿਲਾਂ ਜੋ ਪ੍ਰੋਫਾਰਮਾ ਤਿਆਰ ਕੀਤਾ ਗਿਆ ਸੀ, ਉਸ ਵਿੱਚ ਚੋਣ ਲਈ ਕੇਸਾਧਾਰੀ ਸਿੱਖ ਬਾਰੇ ਦੱਸਿਆ ਗਿਆ ਸੀ। ਪਰ ਸ਼੍ਰੋਮਣੀ ਕਮੇਟੀ ਨੇ ਉਸ ਵਿੱਚ ਨਵੀਂ ਮੱਦ ਜੋੜਦਿਆਂ ਸਵੈ ਘੋਸ਼ਣਾ ਜੋੜੀ ਹੈ ਕਿ ਸਿੱਖ ਦਸਾਂ ਪਾਤਸ਼ਾਹੀਆਂ ਤੋਂ ਇਲਾਵਾ ਹੋਰ ਕਿਸੇ ਗੁਰੂ ਨੂੰ ਨਹੀਂ ਮੰਨਦਾ ਹੋਵੇ। ਇਸ ਲਈ ਅਸੀਂ ਚੋਣ ਕਮਿਸ਼ਨ ਪੰਜਾਬ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਨਵੇਂ ਪ੍ਰੋਫਾਰਮੇ ਨੂੰ ਦੁਬਾਰਾ ਪ੍ਰਕਾਸ਼ਿਤ ਕਰਕੇ ਵੰਡੇ।

ਸ਼੍ਰੋਮਣੀ ਕਮੇਟੀ ਨੇ ਇੱਕ ਨਵੀਂ ਐਪ ਬਣਾਈ ਹੈ ਜਿਸਦਾ ਨਾਮ SGPC ਗੁਰਬਾਣੀ ਕੀਰਤਨ ਹੈ। ਇਸਨੂੰ ਅੱਜ ਲਾਂਚ ਕੀਤਾ ਗਿਆ ਹੈ। ਇਸ ਐਪ ਉੱਤੇ ਸਾਰਾ ਦਿਨ ਸਿਰਫ਼ ਆਡੀਓ ਗੁਰਬਾਣੀ ਹੀ ਲਾਈਵ ਚੱਲੇਗੀ।

ਧਾਮੀ ਨੇ ਕੱਲ੍ਹ ਮੁੱਖ ਮੰਤਰੀ ਮਾਨ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਅਰਦਾਸ ਬਾਰੇ ਬੋਲਦਿਆਂ ਕਿਹਾ ਕਿ ਗੁਰੂ ਘਰ ਵਿੱਚ ਅਰਦਾਸ ਕਰਨ ਲਈ ਮਸ਼ਹੂਰੀ ਦੀ ਲੋੜ ਨਹੀਂ ਹੁੰਦੀ ਪਰ ਮਾਨ ਸਰਕਾਰ ਦੇ ਤਾਂ ਅਰਦਾਸ ਲਈ ਸੜਕਾਂ ਉੱਤੇ ਬੋਰਡ ਹੀ ਬੋਰਡ ਲੱਗੇ ਹੋਏ ਹਨ। ਸਿੱਖ ਅਰਦਾਸ ਤਾਂ 24 ਘੰਟੇ ਹੀ ਕਰੀ ਜਾਂਦਾ ਹੈ। ਤੇ ਜੇ ਅਸੀਂ ਨਸ਼ਿਆਂ ਖਿਲਾਫ਼ ਏਨੇ ਹੀ ਗੰਭੀਰ ਹਾਂ ਤਾਂ ਪੰਜਾਬ ਸਰਕਾਰ ਸ਼ਰਾਬ ਦਾ ਇਕਦਮ ਖ਼ਾਤਮਾ ਹੀ ਕਰ ਦੇਣ।

ਧਾਮੀ ਨੇ ਕੱਲ੍ਹ ਮਾਨ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਬਾਹਰਵਾਰ ਡਾਈਸ ਲਗਾ ਕੇ ਮੀਡੀਆ ਨੂੰ ਕੀਤੇ ਗਏ ਸੰਬੋਧਨ ਬਾਰੇ ਬੋਲਦਿਆਂ ਕਿਹਾ ਕਿ ਬਾਹਰ ਜਾ ਕੇ ਸਟੇਜ ਲਾਉਣੀ, ਸਿਆਸੀਕਰਨ ਕਰਨਾ ਚੰਗਾ ਨਹੀਂ ਹੈ। ਗੁਰੂ ਘਰ ਵਿੱਚ ਅਸੀਂ ਕਿਸੇ ਨੂੰ ਨਹੀਂ ਡੱਕਦੇ, ਪਰ ਬਾਹਰ ਰਾਜਨੀਤਿਕ ਸਟੇਜ ਲਾਉਣਾ ਬਹੁਤ ਗਲਤ ਹੈ।

Exit mobile version