The Khalas Tv Blog Punjab ਪੁਸ਼ਾਕ ਮਾਮਲਾ: ਮਨੁੱਖੀ ਬੰਬ ਬਣਨ ਵਾਲੀ ਵੀਰਪਾਲ ਕੌਰ ਨੂੰ ਹੁਣ ਕਾਂਗਰਸ ਵੱਲੋਂ ਰਾਜਨੀਤਿਕ ਬੰਬ ਬਣਾ ਕੇ ਵਰਤਿਆ ਜਾ ਰਿਹਾ ਹੈ: ਅਕਾਲੀ ਦਲ
Punjab

ਪੁਸ਼ਾਕ ਮਾਮਲਾ: ਮਨੁੱਖੀ ਬੰਬ ਬਣਨ ਵਾਲੀ ਵੀਰਪਾਲ ਕੌਰ ਨੂੰ ਹੁਣ ਕਾਂਗਰਸ ਵੱਲੋਂ ਰਾਜਨੀਤਿਕ ਬੰਬ ਬਣਾ ਕੇ ਵਰਤਿਆ ਜਾ ਰਿਹਾ ਹੈ: ਅਕਾਲੀ ਦਲ

‘ਦ ਖ਼ਾਲਸ ਬਿਊਰੋ:- ਇੰਨੀ ਦਿਨੀਂ ਬਲਾਤਕਾਰੀ ਤੇ ਕਾਤਲ ਡੇਰਾ ਮੁਖੀ ਨੂੰ ਦਿੱਤੀ ਗਈ ਪੁਸ਼ਾਕ ਦਾ ਮਸਲਾ ਕਾਫੀ ਭਖਿਆ ਹੋਇਆ ਹੈ। ਇਸੇ ਸੰਬੰਧ ਵਿੱਚ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਜਲੰਧਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਜਿਸ ਵਿੱਚ ਉਹਨਾਂ ਨੇ ਡੇਰਾ ਮੁਖੀ ਨੂੰ ਪੁਸ਼ਾਕ ਦੇਣ ਦੇ ਲੱਗ ਰਹੇ ਕਥਿਤ ਇਲਜਾਮਾਂ ਦਾ ਖੰਡਨ ਕੀਤਾ। ਬੰਟੀ ਰੋਮਾਣਾ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀਰਪਾਲ ਕੌਰ (ਡੇਰਾ ਸਮਰਥਕ) ਨੂੰ ਮਨੁੱਖੀ ਬੰਬ ਦੇ ਤੌਰ ‘ਤੇ ਵਰਤਣਾ ਚਾਹਿਆ ਸੀ ਅਤੇ ਅੱਜ ਉਸੇ ਵੀਰਪਾਲ ਕੌਰ ਨੂੰ ਰਾਜਨੀਤਿਕ ਬੰਬ ਬਣਾ ਕੇ ਅਕਾਲੀ ਦਲ ਦੇ ਖਿਲਾਫ਼ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਬੰਟੀ ਰੋਮਾਣਾ ਨੇ ਕਿਹਾ ਕਿ “ਸ੍ਰੋਮਣੀ ਅਕਾਲੀ ਦਲ ‘ਤੇ ਇਲਜਾਮ ਲਾਉਣ ਲਈ ਕਾਂਗਰਸ, ਢੀਂਡਸਾ ਅਤੇ ਆਪ ਵੱਲੋਂ ਮਿਲ ਕੇ ਸਾਰੀ ਗੇਮ ਖੇਡੀ ਜਾ ਰਹੀ ਹੈ। ਅਕਾਲੀ ਦਲ ‘ਤੇ ਇਲਜਾਮ ਲਾਉਣ ਵਾਲੀ ਡੇਰਾ ਸਮਰਥਕ ਵੀਰਪਾਲ ਕੌਰ ਨੂੰ ਵੀ ਕਾਂਗਰਸ ਨੇ ਹੀ ਪੇਸ਼ ਕੀਤਾ ਹੈ। ਜਦੋਂ 2007 ਵਿੱਚ ਪੁਸ਼ਾਕ ਵਾਲੇ ਮਸਲੇ ‘ਤੇ ਪਰਚਾ ਦਰਜ ਕੀਤਾ ਗਿਆ ਸੀ, ਤਾਂ 5 ਲੋਕਾਂ ਵੱਲੋਂ ਮਨੁੱਖੀ ਬੰਬ ਬਣਕੇ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪਰਿਵਾਰ ਨੂੰ ਉਡਾਉਣ ਦੀ ਸਾਜਿਸ਼ ਰਚੀ ਗਈ ਸੀ। ਜਿਸ ਵਿੱਚ ਇਹੀ ਵੀਰਪਾਲ ਕੌਰ ਵੀ ਸ਼ਾਮਿਲ ਸੀ। ਜਿਸ ਤੋਂ ਬਾਅਦ ਵੀਰਪਾਲ ਕੌਰ ‘ਤੇ ਪਰਚਾ ਦਰਜ ਹੋਇਆ ਤਾਂ ਉਸਦੇ ਬਚਾਅ ਲਈ ਕਾਂਗਰਸ ਅੱਗੇ ਆਈ ਸੀ”।

 

ਢੀਂਡਸਾ ਤੇ ‘ਆਪ’ ਵੀ ਕਾਂਗਰਸ ਨਾਲ ਮਿਲੇ ਹੋਏ ਹਨ: ਰੋਮਾਣਾ

ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਇਲਜਾਮ ਲਗਾਇਆ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਵੀ ਕਾਂਗਰਸ ਨਾਲ ਮਿਲਕੇ ਸ੍ਰੋਮਣੀ ਅਕਾਲੀ ਦਲ ਦੀ ਸ਼ਾਖ ਨੂੰ ਠੇਸ ਪਹੁੰਚਾਉਣਾ ਚਾਹੁੰਦੇ ਹਨ। ਰੋਮਾਣਾ ਨੇ ਢੀਂਡਸਾ ਦੀ ਪਾਰਟੀ ਨੂੰ ‘ਕਾਂਗਰਸ ਢੀਂਡਸਾ ਦਲ’ ਦੱਸਿਆ।

 

ਬੇਅਦਬੀ ਕਾਂਡ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਕਰਨ: ਰੋਮਾਣਾ

ਬੇਅਦਬੀ ਕਾਂਡ ਬਾਰੇ ਬੋਲਦਿਆਂ ਰੋਮਾਣਾ ਨੇ ਕਿਹਾ ਕਿ 2015 ਵਿੱਚ ਕਾਂਗਰਸ ਨੇ ਹੀ ਕਿਹਾ ਸੀ ਕਿ “ਬੇਅਦਬੀ ਦੀ ਜਾਂਚ CBI ਵੱਲੋਂ ਕਰਵਾਈ ਜਾਵੇ ਅਤੇ ਅੱਜ ਕਾਂਗਰਸ ਵੱਲੋਂ ਇਸਦੀ ਜਾਂਚ ਇੱਕ SIT ਬਣਾਕੇ ਕੀਤੀ ਜਾ ਰਹੀ ਹੈ”। ਉਹਨਾਂ ਇਲਜਾਮ ਲਗਾਇਆ ਕਿ “ਇਹ SIT ਕਾਂਗਰਸ ਪਾਰਟੀ ਤੋਂ ਦਿਸ਼ਾ-ਨਿਰਦੇਸ਼ ਲੈ ਕੇ ਹੀ ਕੰਮ ਕਰ ਰਹੀ ਹੈ”। ਬੰਟੀ ਰੋਮਾਣਾ ਨੇ ਬੇਅਦਬੀ ਕਾਂਡ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ “ਇਸ ਮਾਮਲੇ ਦੀ ਪੂਰੀ ਜਾਂਚ ਸੁਪਰੀਮ ਕੋਰਟ ਦੇ ਜੱਜ ਵੱਲੋਂ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ”।

Exit mobile version