ਫਰੀਦਕੋਟ : ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਹਵਾਲਾਤੀਆਂ ਕੋਲੋਂ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਹੁਣ ਫਰੀਦਕੋਟ ਜੇਲ੍ਹ ਵਿੱਚ ਬੰਦ 4 ਕੈਦੀਆਂ ਕੋਲੋਂ 6 ਫੋਨ ਬਰਾਮਦ ਕੀਤੇ ਗਏ ਹਨ। ਇਹ ਮੋਬਾਇਲ ਫੋਨ ਜੇਲ੍ਹ ਦੀਆਂ ਬੈਰਕਾਂ ਵਿਚ ਚੈਕਿੰਗ ਦੌਰਾਨ ਬਰਾਮਦ ਕੀਤੇ ਗਏ ਹਨ।
ਇਹਨਾਂ ਕੈਦੀਆਂ ਤੇ ਆਪਣੇ ਹੀ ਵਕੀਲ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਲੱਗਾ ਹੈ। ਮੁਲਜ਼ਮਾਂ ਵੱਲੋਂ ਆਪਣੇ ਹੀ ਵਕੀਲ ਨੂੰ ਜ਼ਮਾਨਤ ਨਾ ਕਰਵਾਏ ਜਾਣ ਤੇ ਧਮਕਾਇਆ ਜਾ ਰਿਹਾ ਸੀ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਦਾ ਰਹੀ ਸੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ,ਜਿਸ ਕਾਰਣ ਉਹ ਜੇਲ੍ਹ ਵਿੱਚ ਬੰਦ ਸੀ। ਇਸ ਕੈਦੀ ਦੀ ਜ਼ਮਾਨਤ ਕਰਵਾਉਣ ਲਈ ਵਕੀਲ ਵਲੋਂ ਦੋ ਵਾਰ ਜ਼ਮਾਨਤ ਲਈ ਅਰਜ਼ੀ ਲਗਾਈ ਗਈ ਸੀ ਪਰ ਜ਼ਮਾਨਤ ਨਹੀਂ ਹੋ ਸਕੀ ਸੀ।
ਹਵਾਲਾਤੀ ਉਸ ਨੂੰ ਫਿਰ ਤੋਂ ਜ਼ਮਾਨਤ ਦੀ ਅਰਜ਼ੀ ਲਗਾਉਣ ਲਈ ਕਹਿ ਰਿਹਾ ਸੀ ਤੇ ਖਫਾ ਹੋ ਕੇ ਉਸ ਨੇ ਕਥਿਤ ਤੋਰ ਤੇ ਹਾਈ ਕੋਰਟ ਵਿੱਚ ਵਕਾਲਤ ਕਰਦੇ ਆਪਣੇ ਵਕੀਲ ਨੂੰ ਧਮਕੀ ਦੇ ਦਿੱਤੀ। ਅੰਬਾਲਾ ਰਹਿੰਦੇ ਵਕੀਲ ਨੇ ਇਸ ਸਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।