ਅੰਮ੍ਰਿਤਸਰ (7 ਅਪ੍ਰੈਲ 2026): ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲੇ ਵਿੱਚ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਨੇ ਇੱਕੋ ਪਰਿਵਾਰ ਦੇ ਪੰਜ ਪੁੱਤਰਾਂ ਦੀ ਜ਼ਿੰਦਗੀ ਖੋਹ ਲਈ। ਜੋਗਿੰਦਰ ਪਾਲ ਸਿੰਘ ਅਤੇ ਮਨਜੀਤ ਕੌਰ ਦੇ ਚਾਰ ਪੁੱਤਰਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਅੱਜ ਉਨ੍ਹਾਂ ਦੇ ਪੰਜਵੇਂ ਅਤੇ ਆਖ਼ਰੀ ਪੁੱਤਰ ਸੋਨੂੰ ਨੇ ਵੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਸੋਨੂੰ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਪਹਿਲਾਂ ਕਪੂਰਥਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਪਰ ਹਾਲਤ ਗੰਭੀਰ ਹੋਣ ਕਾਰਨ ਸੋਮਵਾਰ ਨੂੰ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨ ਦਾ ਸਾਰਾ ਇਲਾਜ ਸਰਕਾਰੀ ਖ਼ਰਚੇ ’ਤੇ ਕਰਵਾਉਣ ਦਾ ਐਲਾਨ ਵੀ ਕੀਤਾ ਸੀ।
ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਰੋਂਦੇ ਹੋਏ ਕਿਹਾ, “ਮੈਂ ਤਾਂ ਲੁੱਟੀ ਗਈ ਹਾਂ। ਮੇਰਾ 4 ਸਾਲ ਦਾ ਪੋਤਾ ਅਤੇ 4 ਮਹੀਨਿਆਂ ਦੀ ਨੰਨ੍ਹੀ ਪੋਤੀ ਹੈ, ਮੈਂ ਉਨ੍ਹਾਂ ਨੂੰ ਕਿਵੇਂ ਪਾਲਾਂਗੀ? ਭਗਵੰਤ ਮਾਨ, ਮੈਂ ਤੈਨੂੰ ਆਪਣਾ ਛੋਟਾ ਭਰਾ ਮੰਨਿਆ ਹੈ, ਹੁਣ ਮੇਰੇ ਤੋਂ ਇਹ ਬੱਚੇ ਨਹੀਂ ਪਾਲੇ ਜਾਣਗੇ।”
ਮਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਰਾ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਉਨ੍ਹਾਂ ਨੇ ਇਲਾਜ ਲਈ ਮਦਦ ਕੀਤੀ, ਪਰ ਉਹ ਪੁਲਿਸ ਪ੍ਰਸ਼ਾਸਨ ਤੋਂ ਬੇਹੱਦ ਨਾਰਾਜ਼ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਹਨ ਕਿ ਖ਼ਬਰਾਂ ਝੂਠੀਆਂ ਹਨ, ਅਜਿਹਾ ਉਨ੍ਹਾਂ ਦੇ ਪੁੱਤਾਂ ਨਾਲ ਹੋਵੇ ਤਾਂ ਪਤਾ ਲੱਗੇ ਕਿ ਮਾਂ ਨੂੰ ਕਿੰਨਾ ਦੁੱਖ ਹੁੰਦਾ ਹੈ।
8 ਸਾਲਾਂ ਵਿੱਚ ਪੰਜੇ ਪੁੱਤ ਚਲੇ ਗਏ:
- ਜਸਵਿੰਦਰ ਸਿੰਘ: 8 ਸਾਲ ਪਹਿਲਾਂ ਜੇਲ੍ਹ ਹਿਰਾਸਤ ਵਿੱਚ ਮੌਤ
- ਬਲਵਿੰਦਰ: 7 ਸਾਲ ਪਹਿਲਾਂ ਮੌਤ
- ਰਵੀ: 2021 ਵਿੱਚ ਮੌਤ (NDPS ਐਕਟ ਤਹਿਤ ਕੇਸ ਦਰਜ ਸੀ)
- ਮਿਥੁਨ: 2023 ਵਿੱਚ ਮੌਤ (NDPS ਐਕਟ ਤਹਿਤ ਕੇਸ ਦਰਜ ਸੀ)
- ਸੋਨੂੰ: ਅੱਜ ਮੌਤ (ਇਸ ’ਤੇ ਵੀ NDPS ਐਕਟ ਦਾ ਕੇਸ ਸੀ)
ਇਸ ਘਟਨਾ ਨੂੰ ਲੈ ਕੇ ਸੋਮਵਾਰ ਨੂੰ ਲੋਕਾਂ ਨੇ ਭਾਰੀ ਪ੍ਰਦਰਸ਼ਨ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਸੁਲਤਾਨਪੁਰ ਲੋਧੀ ਵਰਗੀ ਪਵਿੱਤਰ ਨਗਰੀ ਵਿੱਚ ਸ਼ਰ੍ਹੇਆਮ ਚਿੱਟਾ ਵਿਕ ਰਿਹਾ ਹੈ। ਤਸਕਰ ਮੂੰਹ ਢੱਕ ਕੇ ਮੋਟਰਸਾਈਕਲਾਂ ’ਤੇ ਆਉਂਦੇ ਹਨ ਅਤੇ ਪੁਲਿਸ ਥਾਣਿਆਂ ਦੇ ਨੇੜੇ ਹੀ ਨਸ਼ਾ ਵੇਚ ਕੇ ਫ਼ਰਾਰ ਹੋ ਜਾਂਦੇ ਹਨ।
ਦੂਜੇ ਪਾਸੇ ਕਪੂਰਥਲਾ ਦੇ SSP ਗੌਰਵ ਤੂਰਾ ਨੇ ਕਿਹਾ ਹੈ ਕਿ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾਵੇਗੀ ਅਤੇ ਨਸ਼ਾ ਤਸਕਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

