The Khalas Tv Blog Punjab ਬੇਅਦਬੀ ਮਾਮਲਾ: ਅਸਮਾਨ ਨਿਗਲ ਗਿਆ ਜਾਂ ਧਰਤੀ ਖਾ ਗਈ, ਸ਼ਨਾਖ਼ਤ ਹੋਣ ਤੋਂ ਬਾਅਦ ਵੀ ਪੁਲਿਸ ਕਿਉਂ ਨਹੀਂ ਲੱਭ ਸਕੀ ਬੇਅਦਬੀ ਦੇ ਤਿੰਨ ਮੁੱਖ ਦੋਸ਼ੀ
Punjab

ਬੇਅਦਬੀ ਮਾਮਲਾ: ਅਸਮਾਨ ਨਿਗਲ ਗਿਆ ਜਾਂ ਧਰਤੀ ਖਾ ਗਈ, ਸ਼ਨਾਖ਼ਤ ਹੋਣ ਤੋਂ ਬਾਅਦ ਵੀ ਪੁਲਿਸ ਕਿਉਂ ਨਹੀਂ ਲੱਭ ਸਕੀ ਬੇਅਦਬੀ ਦੇ ਤਿੰਨ ਮੁੱਖ ਦੋਸ਼ੀ

‘ਦ ਖ਼ਾਲਸ ਬਿਊਰੋ:- 2015 ‘ਚ ਫਰੀਦਕੋਟ ਜਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਅਤੇ ਬੇਅਦਬੀ ਕਰਨ ਵਾਲੇ ਮਾਮਲੇ ‘ਚ SIT ਵੱਲੋਂ ਜਾਂਚ-ਪੜਤਾਲ ਚੱਲ ਰਹੀ ਹੈ। ਪਾਵਨ ਸਰੂਪ ਚੋਰੀ ਕਰਨ ਤੇ ਬੇਅਦਬੀ ਕਰਨ ਵਾਲੇ ਤਿੰਨ ਮੁੱਖ ਮੁਲਜ਼ਮ SIT ਦੇ ਹੱਥ ਨਹੀਂ ਆ ਰਹੇ। ਹਾਲਾਂਕਿ ਵਿਸ਼ੇਸ਼ ਜਾਂਚ ਟੀਮ ਨੇ ਕਾਫ਼ੀ ਸਮਾਂ ਪਹਿਲਾਂ ਇਨ੍ਹਾਂ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਸੀ। ਇਸ ਕੇਸ ਦੀ ਜਾਂਚ SIT ਦੇ ਮੁਖੀ DIG ਰਣਬੀਰ ਸਿੰਘ ਖੱਟੜਾ ਕਰ ਰਹੇ ਹਨ।

 

DIG ਰਣਬੀਰ ਸਿੰਘ ਖੱਟੜਾ

 

ਸੂਚਨਾ ਅਨੁਸਾਰ ਵਿਸ਼ੇਸ਼ ਜਾਂਚ ਟੀਮ (SIT) ਨੇ ਆਪਣੀ ਪੜਤਾਲ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕਰਨ ਅਤੇ ਇਸ ਦੀ ਬੇਅਦਬੀ ਕਰਨ ਵਿੱਚ ਡੇਰਾ ਸੱਚਾ ਸੌਦਾ ਦੀ ਨੈਸ਼ਨਲ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੇ ਅਹਿਮ ਭੂਮਿਕਾ ਨਿਭਾਈ। ਜਾਂਚ ਟੀਮ ਨੇ ਇਨ੍ਹਾਂ ਤਿੰਨੋਂ ਵਿਅਕਤੀਆਂ ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਇਲਾਵਾ ਦੋ ਹੋਰ ਥਾਵਾਂ ‘ਤੇ ਹੋਈ ਬੇਅਦਬੀ ਦੀਆਂ ਘਟਨਾਵਾਂ ਵਿੱਚ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ, ਪਰ ਘਟਨਾ ਤੋਂ ਪੰਜ ਸਾਲ ਬਾਅਦ ਵੀ ਜਾਂਚ ਟੀਮ ਇਨ੍ਹਾਂ ਮੁਲਜ਼ਮਾਂ ਨੂੰ ਲੱਭ ਨਹੀਂ ਸਕੀ।

 

SIT ਨੇ ਅਦਾਲਤ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਹੈ ਕਿ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਵਾਰ-ਵਾਰ ਛਾਪੇਮਾਰੀ ਦੇ ਬਾਵਜੂਦ ਲੱਭ ਨਹੀਂ ਰਹੇ। ਇਸ ਲਈ ਉਨ੍ਹਾਂ ਸਥਾਨਕ ਪੁਲਿਸ ਦੀ ਵੀ ਮੱਦਦ ਲਈ ਹੈ। ਫ਼ਰੀਦਕੋਟ ਦੇ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਅਰਜ਼ੀ ਦੇ ਕੇ ਜਾਂਚ ਟੀਮ ਇਨ੍ਹਾਂ ਵਿਅਕਤੀਆਂ ਦੇ ਗ੍ਰਿਫ਼ਤਾਰੀ ਵਾਰੰਟ ਹਾਸਲ ਕਰਨ ਦੀ ਚਾਰਾਜੋਈ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਤਿੰਨ ਕੇਸਾਂ ਵਿੱਚ ਇਨ੍ਹਾਂ ਵਿਅਕਤੀਆਂ ਦੇ ਗ੍ਰਿਫ਼ਤਾਰੀ ਵਾਰੰਟ ਹਾਸਲ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਪੁਲਿਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ। ਪਿੰਡ ਗੁਰੂਸਰ ਅਤੇ ਮੱਲਕੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਇਹ ਮੁਲਜ਼ਮ ਭਗੌੜੇ ਐਲਾਨੇ ਜਾ ਚੁੱਕੇ ਹਨ। ਇਹ ਵੀ ਖ਼ਦਸ਼ਾ ਹੈ ਕਿ ਬੇਅਦਬੀ ਕਾਂਡ ਦੀ ਜਾਂਚ CBI ਕੋਲ ਜਾਣ ਤੋਂ ਬਾਅਦ ਇਹ ਤਿੰਨੋਂ ਮੁਲਜ਼ਮ ਵਿਦੇਸ਼ ਭੱਜ ਗਏ ਹਨ।

 

SIT ਦੇ ਮੁਖੀ DIG ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਥਾਨਕ ਅਦਾਲਤ ਵਿੱਚ ਗ੍ਰਿਫ਼ਤਾਰੀ ਵਾਰੰਟ ਲੈਣ ਲਈ ਦਿੱਤੀ ਅਰਜ਼ੀ ਬਾਰੇ 8 ਜੁਲਾਈ ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। ਇਸੇ ਦੌਰਾਨ ਕੋਟਕਪੂਰਾ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਥਾਣਾ ਸਿਟੀ ਕੋਟਕਪੂਰਾ ਦੇ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਡਿਊਟੀ ਜੱਜ ਰਾਜੇਸ਼ ਕੁਮਾਰ ਨੇ 13 ਜੁਲਾਈ ਤੱਕ ਮੁਲਤਵੀ ਕਰ ਦਿੱਤੀ।

Exit mobile version