The Khalas Tv Blog India ਦਿੱਲੀ ’ਚ ਗੁੰਮਸ਼ੁਦਾ ਲੋਕਾਂ ਦੇ ਅੰਕੜਿਆਂ ਨੇ ਮਚਾਈ ਦਹਿਸ਼ਤ! ਸਾਲ 2026 ਦੇ ਪਹਿਲੇ 15 ਦਿਨਾਂ ’ਚ 800 ਤੋਂ ਵੱਧ ਲੋਕ ਲਾਪਤਾ
India

ਦਿੱਲੀ ’ਚ ਗੁੰਮਸ਼ੁਦਾ ਲੋਕਾਂ ਦੇ ਅੰਕੜਿਆਂ ਨੇ ਮਚਾਈ ਦਹਿਸ਼ਤ! ਸਾਲ 2026 ਦੇ ਪਹਿਲੇ 15 ਦਿਨਾਂ ’ਚ 800 ਤੋਂ ਵੱਧ ਲੋਕ ਲਾਪਤਾ

ਬਿਊਰੋ ਰਿਪੋਰਟ (ਦਿੱਲੀ, 4 ਫਰਵਰੀ 2026): ਦੇਸ਼ ਦੀ ਰਾਜਧਾਨੀ ਦਿੱਲੀ ਵਿੱਚੋਂ ਲੋਕਾਂ ਦੇ ਲਾਪਤਾ ਹੋਣ ਦੇ ਅੰਕੜਿਆਂ ਨੇ ਸੁਰੱਖਿਆ ਏਜੰਸੀਆਂ ਅਤੇ ਆਮ ਜਨਤਾ ਦੇ ਹੋਸ਼ ਉਡਾ ਦਿੱਤੇ ਹਨ। ਸਾਲ 2026 ਦੇ ਸ਼ੁਰੂਆਤੀ ਪੰਦਰਾਂ ਦਿਨਾਂ ਦੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਬੇਹੱਦ ਖ਼ੌਫ਼ਨਾਕ ਹਨ। ਦਿੱਲੀ ਪੁਲਿਸ ਦੇ ਅਧਿਕਾਰਤ ਰਿਕਾਰਡ ਮੁਤਾਬਕ, 1 ਜਨਵਰੀ ਤੋਂ 15 ਜਨਵਰੀ 2026 ਦੇ ਵਿਚਕਾਰ ਕੁੱਲ 807 ਲੋਕ ਲਾਪਤਾ ਹੋਏ ਹਨ। ਇਸ ਦਾ ਭਾਵ ਹੈ ਕਿ ਰਾਜਧਾਨੀ ਵਿੱਚ ਹਰ ਰੋਜ਼ ਔਸਤਨ 54 ਲੋਕ ਰੋਜ਼ਾਨਾ ਗਾਇਬ ਹੋ ਰਹੇ ਹਨ। ਇਨ੍ਹਾਂ ਵਿੱਚ ਮਹਿਲਾਵਾਂ ਅਤੇ ਨਾਬਾਲਗ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ ਹੈ, ਜੋ ਕਿ ਸਮਾਜਿਕ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਮਹਿਲਾਵਾਂ ਅਤੇ ਬੱਚਿਆਂ ਦੀ ਸਥਿਤੀ ਬੇਹੱਦ ਨਾਜ਼ੁਕ

ਲਾਪਤਾ ਹੋਣ ਵਾਲੇ ਕੁੱਲ 807 ਲੋਕਾਂ ਵਿੱਚੋਂ 509 ਮਹਿਲਾਵਾਂ ਅਤੇ ਲੜਕੀਆਂ ਹਨ, ਜਦਕਿ ਪੁਰਸ਼ਾਂ ਦੀ ਗਿਣਤੀ 298 ਦਰਜ ਕੀਤੀ ਗਈ ਹੈ। ਜੇਕਰ ਬੱਚਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ 15 ਦਿਨਾਂ ਵਿੱਚ ਰੋਜ਼ਾਨਾ ਔਸਤਨ 13 ਬੱਚੇ ਲਾਪਤਾ ਹੋਏ ਹਨ। 

ਕੁੱਲ 191 ਨਾਬਾਲਗਾਂ ਦੇ ਗੁੰਮਸ਼ੁਦਾ ਹੋਣ ਦੀਆਂ ਰਿਪੋਰਟਾਂ ਦਰਜ ਹੋਈਆਂ, ਜਿਨ੍ਹਾਂ ਵਿੱਚੋਂ 146 ਸਿਰਫ਼ ਲੜਕੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਹੁਣ ਤੱਕ ਸਿਰਫ਼ 235 ਲੋਕਾਂ ਨੂੰ ਹੀ ਲੱਭਣ ਵਿੱਚ ਸਫ਼ਲ ਹੋਈ ਹੈ, ਜਦਕਿ 572 ਲੋਕਾਂ ਦਾ ਅਜੇ ਤੱਕ ਕੋਈ ਨਾਮੋ-ਨਿਸ਼ਾਨ ਨਹੀਂ ਮਿਲਿਆ।

ਕਿਸ਼ੋਰਾਂ (ਅਡੋਲਸੈਂਟਸ) ਦੇ ਮਾਮਲੇ ਵਿੱਚ ਸਥਿਤੀ ਹੋਰ ਵੀ ਮਾੜੀ ਹੈ, ਜਿੱਥੇ 71 ਫੀਸਦੀ (ਕਰੀਬ 121 ਬੱਚੇ) ਅਜੇ ਵੀ ਲਾਪਤਾ ਹਨ। 8 ਤੋਂ 12 ਸਾਲ ਦੀ ਉਮਰ ਦੇ 13 ਬੱਚੇ ਗਾਇਬ ਹੋਏ, ਜਿਨ੍ਹਾਂ ਵਿੱਚੋਂ ਸਿਰਫ਼ 3 ਮੁੰਡੇ ਹੀ ਮਿਲੇ ਹਨ। 8 ਸਾਲ ਤੋਂ ਘੱਟ ਉਮਰ ਦੇ 9 ਬੱਚਿਆਂ ਵਿੱਚੋਂ ਵੀ 6 ਬੱਚੇ ਅਜੇ ਤੱਕ ਆਪਣੇ ਘਰਾਂ ਨੂੰ ਨਹੀਂ ਪਰਤ ਸਕੇ। ਬਾਲਗਾਂ (Adults) ਦੀ ਗੱਲ ਕਰੀਏ ਤਾਂ 616 ਬਾਲਗ ਲਾਪਤਾ ਹੋਏ, ਜਿਨ੍ਹਾਂ ਵਿੱਚ 363 ਮਹਿਲਾਵਾਂ ਸ਼ਾਮਲ ਸਨ, ਪਰ ਪੁਲਿਸ ਸਿਰਫ਼ 181 ਬਾਲਗਾਂ ਨੂੰ ਹੀ ਟ੍ਰੇਸ ਕਰ ਸਕੀ ਹੈ।

10 ਸਾਲਾਂ ’ਚ 2,32,000 ਤੋਂ ਵੱਧ ਲੋਕ ਦਿੱਲੀ ’ਚੋਂ ਹੋਏ ਲਾਪਤਾ

ਇਹ ਸਮੱਸਿਆ ਕੋਈ ਨਵੀਂ ਨਹੀਂ ਹੈ, ਬਲਕਿ ਸਾਲ ਦਰ ਸਾਲ ਗੰਭੀਰ ਹੁੰਦੀ ਜਾ ਰਹੀ ਹੈ। ਸਾਲ 2025 ਵਿੱਚ ਦਿੱਲੀ ਵਿੱਚ ਕੁੱਲ 24,508 ਲੋਕ ਲਾਪਤਾ ਹੋਏ ਸਨ। ਇਨ੍ਹਾਂ ਵਿੱਚੋਂ ਵੀ 60 ਫੀਸਦੀ ਤੋਂ ਵੱਧ (14,870) ਮਹਿਲਾਵਾਂ ਸਨ। ਪੁਲਿਸ ਨੇ ਉਸ ਸਾਲ 15,421 ਲੋਕਾਂ ਨੂੰ ਲੱਭਣ ਵਿੱਚ ਸਫਲਤਾ ਹਾਸਲ ਕੀਤੀ ਸੀ, ਪਰ ਫਿਰ ਵੀ 9,087 ਕੇਸ ਅਣਸੁਲਝੇ ਰਹਿ ਗਏ ਸਨ।

ਜੇਕਰ ਪਿਛਲੇ ਇੱਕ ਦਹਾਕੇ (2016 ਤੋਂ 2026 ਤੱਕ) ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਹ ਅੰਕੜਾ ਹੋਰ ਵੀ ਡਰਾਉਣਾ ਹੋ ਜਾਂਦਾ ਹੈ। ਪਿਛਲੇ 10 ਸਾਲਾਂ ਵਿੱਚ ਦਿੱਲੀ ਵਿੱਚੋਂ ਕੁੱਲ 2,32,737 ਲੋਕ ਲਾਪਤਾ ਹੋਏ ਹਨ।

ਹਾਲਾਂਕਿ ਪੁਲਿਸ ਰਿਕਾਰਡ ਮੁਤਾਬਕ ਲਗਭਗ 1.8 ਲੱਖ ਲੋਕਾਂ ਨੂੰ ਲੱਭ ਲਿਆ ਗਿਆ ਹੈ, ਪਰ ਲਗਭਗ 52,000 ਲੋਕ ਅਜਿਹੇ ਹਨ ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਇਹ ਗੁੰਮਸ਼ੁਦਾ ਲੋਕ ਕਿੱਥੇ ਗਏ ਅਤੇ ਕਿਸ ਹਾਲਤ ਵਿੱਚ ਹਨ, ਇਹ ਦਿੱਲੀ ਪੁਲਿਸ ਅਤੇ ਜਾਂਚ ਏਜੰਸੀਆਂ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।

 

Exit mobile version