The Khalas Tv Blog Punjab ਹੁਸ਼ਿਆਰਪੁਰ ‘ਚ 50 ਝੁੱਗੀਆਂ ਸੜ ਕੇ ਸੁਆਹ
Punjab

ਹੁਸ਼ਿਆਰਪੁਰ ‘ਚ 50 ਝੁੱਗੀਆਂ ਸੜ ਕੇ ਸੁਆਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਰਿਆਲਾ ‘ਚ ਅੱਗ ਲੱਗਣ ਕਾਰਨ 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਇਹ ਅੱਗ ਬੀੜੀ ਦੀ ਚੰਗਿਆੜੀ ਲੱਗਣ ਨਾਲ ਹੋਈ ਸੀ, ਜਿਸ ਨਾਲ ਝੁੱਗੀਆਂ ਵਿੱਚ ਰੱਖਿਆ ਜ਼ਰੂਰੀ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ, ਪਰ ਉਦੋਂ ਤੱਕ 50 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਸਨ।

ਸਟੇਸ਼ਨ ਇੰਚਾਰਜ ਦੇਸ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅੱਗ ਇੱਕ ਬੀੜੀ ਦੀ ਚੰਗਿਆੜੀ ਕਾਰਨ ਲੱਗੀ ਹੈ। ਇੱਥੋਂ ਦੇ ਰਹਿਣ ਵਾਲੇ ਪਰਿਵਾਰ ਪਿਛਲੇ 20 ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਇਸ ਸਮੇਂ ਝੁੱਗੀਆਂ ਵਿੱਚ ਰਹਿਣ ਵਾਲੇ ਸਾਰੇ ਮਰਦ ਅਤੇ ਔਰਤਾਂ ਦਿਹਾੜੀ ਕਰਨ ਲਈ ਨੇੜਲੇ ਪਿੰਡਾਂ ਵਿੱਚ ਗਏ ਹੋਏ ਸਨ ਅਤੇ ਘਰਾਂ ਵਿੱਚ ਸਿਰਫ਼ ਛੋਟੇ ਬੱਚੇ ਹੀ ਮੌਜੂਦ ਸਨ, ਪਰ ਸਾਰੇ ਬੱਚੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਛਕਣ ਲਈ ਗਏ ਹੋਏ ਸਨ, ਜਿਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਝੁੱਗੀਆਂ ਵਿੱਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖ ਕੇ ਬੱਚੇ ਝੁੱਗੀਆਂ ਵੱਲ ਭੱਜਣ ਲੱਗੇ ਤਾਂ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਕੁੱਝ ਲੋਕ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਕਾਰਨ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਅੱਗ ਲੱਗਣ ਬਾਰੇ ਪਤਾ ਲੱਗਦਿਆਂ ਹੀ ਨੇੜੇ ਦੇ ਪਿੰਡਾਂ ‘ਚ ਕੰਮ ਕਰਨ ਲਈ ਆਈਆਂ ਪ੍ਰਵਾਸੀ ਝੁੱਗੀਆਂ ਵਾਲੇ ਵੀ ਮੌਕੇ ‘ਤੇ ਪਹੁੰਚ ਗਏ। ਲੋਕ ਆਪਣੀ ਜਮ੍ਹਾਂ ਪੂੰਜੀ ਨੂੰ, ਆਪਣੇ ਉੱਜੜੇ ਘਰ ਨੂੰ ਸੁਆਹ ਹੋਇਆ ਵੇਖ ਰੋਂਦੇ ਵਿਲਕਦੇ ਨਜ਼ਰ ਆਏ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋ ਇਹਨਾਂ ਦੇ ਰਹਿਣ ਬਸੇਰੇ ਅਤੇ ਮਦਦ ਦੀ ਗੁਹਾਰ ਲਾਈ।

Exit mobile version