ਬਿਉਰੋ ਰਿਪੋਰਟ – ਪੂਰਾ ਉੱਤਰ ਭਾਰਤ ਤੇਜ਼ ਮੀਂਹ ਦੀ ਵਜ੍ਹਾ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਵਿੱਚ ਵੀ ਲਗਾਤਾਰ 31 ਜੁਲਾਈ ਤੋਂ ਮੀਂਹ ਪੈ ਰਿਹਾ ਹੈ। ਇਸ ਦੌਰਾਰ ਅੰਮ੍ਰਿਤਸਰ ਦੇ ਅਟਾਰੀ ਵਿਧਾਨਸਭਾ ਹਲਕੇ ਦੇ ਪਿੰਡ ਖੈਰਾਬਾਦ ਤੋਂ ਦਰਦਨਾਕ ਖ਼ਬਰ ਆਈ ਹੈ। ਮੀਂਹ ਦੀ ਵਜ੍ਹਾ ਕਰਕੇ ਲਵਪ੍ਰੀਤ ਸਿੰਘ ਦੇ ਘਰ ਦੀ ਛੱਤ ਡਿੱਗ ਗਈ ਜਿਸ ਨਾਲ 5 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ।
ਪਿੰਡ ਵਾਲਿਆਂ ਨੇ ਦੱਸਿਆ ਕਿ 2 ਮਾਸੂਮ ਬੱਚੇ ਅਤੇ ਲਵਪ੍ਰੀਤ ਦਾ ਭਰਾ ਮਲਵੇ ਹੇਠ ਦੱਬੇ ਹੋਏ ਸਨ। ਪਿੰਡ ਵਾਲਿਆਂ ਨੇ ਮਕਾਨ ਦੇ ਮਲਬੇ ਹੇਠੋਂ ਤੋਂ ਇੱਕ ਨੌਜਵਾਨ ਅਤੇ 2 ਬੱਚਿਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ ਪਰ ਹਾਦਸੇ ਵਿੱਚ ਲਵਪ੍ਰੀਤ ਦੇ ਭਰਾ ਅਤੇ ਪੁੱਤਰ ਦਾ ਬਚਾਅ ਹੋ ਗਿਆ ਪਰ 5 ਸਾਲਾ ਗੁਰਫਤਹਿ ਸਿੰਘ ਦੀ ਮੌਤ ਹੋ ਗਈ। ਉਧਰ ਬਠਿੰਡਾ ਵਿੱਚ ਵੀ ਇਕ ਮਕਾਨ ਦੀ ਛੱਤ ਡਿੱਗ ਗਈ ਪਰ ਰਾਹਤ ਦੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਉੱਧਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਬੀਤੇ ਦਿਨੀ 6 ਘੰਟੇ ਤੱਕ ਮੀਂਹ ਪੈਂਦਾ ਰਿਹਾ। ਸ਼ਾਮ 7 ਵਜੇ ਤੋਂ ਰਾਤ 2 ਵਜੇ ਤੱਕ ਮੀਂਹ ਪਿਆ ਜਿਸ ਦੀ ਵਜ੍ਹਾ ਕਰਕੇ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਰਾਤ ਨੂੰ 1 ਅਗਸਤ ਲਈ ਸਕੂਲਾਂ ਵਿੱਚ 1 ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਅੱਜ ਵੀ ਦਿੱਲੀ ਵਿੱਚ ਮੀਂਹ ਦੀ ਭਵਿੱਖਬਾਣੀ ਹੈ।
ਉੱਤਰਾਖੰਡ ਤੇ ਹਿਮਾਚਲ ਵਿੱਚ ਵੀ ਮੀਂਹ ਨੇ ਤਬਾਈ ਮਚਾਈ ਹੈ। ਹਿਮਾਚਲ ਵਿੱਚ ਬੀਤੀ ਰਾਤ 3 ਥਾਵਾਂ ਤੇ ਬੱਦਲ ਫਟਿਆ ਹੈ, ਇਨ੍ਹਾਂ ਵਿੱਚ ਸ਼ਿਮਲਾ ਦੇ ਕੁੱਲੂ, ਮੰਡੀ ਅਤੇ ਰਾਮਪੁਰ ਵਿੱਚ ਬੱਦਲ ਫਟ ਗਏ। ਸਭ ਤੋਂ ਵੱਧ ਤਬਾਹੀ ਰਾਮਪੁਰ ਵਿੱਚ ਹੋਈ। ਇੱਥੇ ਸਮੇਜ ਪਿੰਡ ਦੇ ਇੱਕ ਪਾਵਰ ਪ੍ਰੋਜੈਕਟ ਦੇ ਕਈ ਘਰ, ਸਕੂਲ, ਗੈਸਟ ਹਾਊਸ ਅਤੇ ਬਿਜਲੀ ਘਰ ਵਹਿ ਗਏ ਹਨ। ਇੱਥੇ 36 ਲੋਕ ਲਾਪਤਾ ਹੋ ਗਏ। ਦੋ ਵਿਅਕਤੀਆਂ ਦੇ ਸਰੀਰ ਦੇ ਕੁਝ ਅੰਗ ਮਿਲੇ ਹਨ।
ਮੰਡੀ ਦੇ ਚੌਰਘਾਟੀ ਵਿੱਚ ਢਿੱਗਾਂ ਡਿੱਗਣ ਕਾਰਨ ਤਿੰਨ ਘਰ ਢਹਿ ਗਏ। ਇਸ ਵਿੱਚ 3 ਪਰਿਵਾਰਾਂ ਦੇ 11 ਲੋਕ ਲਾਪਤਾ ਹੋ ਗਏ। 2 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ 8 ਅਜੇ ਵੀ ਲਾਪਤਾ ਹਨ। ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੰਡੀ ਦੇ ਡੀਸੀ ਅਪੂਰਵਾ ਦੇਵਗਨ ਨੇ ਕਾਰਸੋਗ ਅਤੇ ਪਧਰ ਸਬ-ਡਿਵੀਜ਼ਨਾਂ ਵਿੱਚ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਕੇਂਦਰਾਂ, ਕਿੱਤਾਮੁਖੀ ਸਿਖਲਾਈ ਕੇਂਦਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਕੁੱਲੂ ਦੇ ਬਾਗੀਪੁਲ ’ਚ ਬੱਦਲ ਫਟਣ ਨਾਲ 6 ਲੋਕ ਲਾਪਤਾ ਹਨ। ਮਨਾਲੀ ’ਚ ਬਿਆਸ ਦਰਿਆ ਦਾ ਪਾਣੀ ਵਧਣ ਤੋਂ ਬਾਅਦ ਆਲੂਆਂ ਦੇ ਖੇਤਾਂ ’ਚ ਪਾਣੀ ਭਰ ਗਿਆ। ਇੱਥੇ ਸਬਜ਼ੀ ਮੰਡੀ ਦੀ 5 ਮੰਜ਼ਿਲਾ ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ। ਮਲਾਨਾ ਵਿੱਚ ਪਾਵਰ ਪ੍ਰੋਜੈਕਟ 1 ਦਾ ਬੰਨ੍ਹ ਪਾਰਵਤੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਟੁੱਟ ਗਿਆ ਹੈ।
NDRF, SDRF, ਪੁਲਿਸ ਅਤੇ ਹੋਮ ਗਾਰਡ ਲੋਕਾਂ ਨੂੰ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਦਰਿਆਵਾਂ ਅਤੇ ਨਾਲਿਆਂ ਵਿੱਚ ਉਛਾਲ ਹੈ। ਕੁੱਲੂ ਵਿੱਚ ਚੰਡੀਗੜ੍ਹ-ਮਨਾਲੀ ਹਾਈਵੇਅ ਵੀ ਬਿਆਸ ਦਰਿਆ ਵਿੱਚ ਵਹਿ ਗਿਆ ਹੈ। ਹਿਮਾਚਲ ਦੇ ਮੁੱਖ ਮੰਤਰੀ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਹੰਗਾਮੀ ਮੀਟਿੰਗ ਕੀਤੀ ਹੈ ਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨਾਲ ਗੱਲ ਕੀਤੀ ਹੈ।