ਕੈਨੇਡਾ ਵਿੱਚ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ 5 ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ 2 ਪੰਜਾਬੀ ਵੀ ਸ਼ਾਮਲ ਹਨ। ਪਿਛਲੇ ਸਾਲ 17 ਅਪ੍ਰੈਲ ਨੂੰ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ 6,600 ਸੋਨੇ ਦੀਆਂ ਛੜਾਂ ਚੋਰੀ ਹੋਈਆਂ ਸੀ, ਜਿਨ੍ਹਾਂ ਦੀ ਕੀਮਤ 20 ਮਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਹੈ। ਭਾਰਤੀ ਕਰੰਸੀ ’ਚ ਇਨ੍ਹਾਂ ਦੀ ਕੀਮਤ 1 ਅਰਬ 21 ਕਰੋੜ ਰੁਪਏ ਬਣੇਗੀ।
ਇੱਕ ਸਾਲ ਬਾਅਦ ਪੁਲਿਸ ਨੇ 5 ਜਣੇ ਗ੍ਰਿਫ਼ਤਾਰ ਕਰ ਲਏ ਹਨ ਜਦਕਿ ਚਾਰ ਹੋਰ ਫੜਨੇ ਬਾਕੀ ਹਨ। ਪੁਲਿਸ ਨੇ ਕੈਨੇਡਾ ਭਰ ਵਿੱਚ ਛਾਪੇਮਾਰੀ ਕੀਤੀ ਹੈ। ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ।
ਭਾਰਤੀਆਂ ਤੇ ਪੰਜਾਬੀਆਂ ਨੇ ਕੀਤੀ ਸੋਨੇ ਦੀ ਸਭ ਤੋਂ ਵੱਡੀ ਚੋਰੀ
ਪੁਲਿਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਬਰੈਂਪਟਨ ਦਾ ਰਹਿਣ ਵਾਲਾ ਪਰਮਪਾਲ ਸਿੱਧੂ (54) ਵੀ ਸ਼ਾਮਲ ਹੈ, ਜੋ ਕਿ ਏਅਰ ਕੈਨੇਡਾ ਦਾ ਮੁਲਾਜ਼ਮ ਹੈ। ਇੱਕ ਹੋਰ ਇੰਡੋ-ਕੈਨੇਡੀਅਨ ਅਮਿਤ ਜਲੋਟਾ (40) ਟੋਰਾਂਟੋ ਨੇੜੇ ਓਕਵਿਲ ਤੋਂ ਹੈ। ਬਾਕੀ 3 ਵਿਅਕਤੀਆਂ ਵਿੱਚ ਬਰੈਂਪਟਨ ਨੇੜੇ ਜਾਰਜਟਾਊਨ ਦਾ ਅਮਾਦ ਚੌਧਰੀ (43), ਟੋਰਾਂਟੋ ਦਾ ਅਲੀ ਰਜ਼ਾ (37) ਅਤੇ ਬਰੈਂਪਟਨ ਦਾ ਪ੍ਰਸਾਦ ਪਰਾਮਾਲਿੰਗਮ (35 ) ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਪੁਲਿਸ ਨੇ ਬਰੈਂਪਟਨ ਦੀ ਸਿਮਰਨਪ੍ਰੀਤ ਪਨੇਸਰ (31), (ਜੋ ਚੋਰੀ ਦੇ ਸਮੇਂ ਏਅਰ ਕੈਨੇਡਾ ਦੀ ਕਰਮਚਾਰੀ ਸੀ), ਬਰੈਂਪਟਨ ਦੇ ਅਰਚਿਤ ਗਰੋਵਰ (36) ਅਤੇ ਮਿਸੀਸਾਗਾ ਦੇ ਅਰਸਲਾਨ ਚੌਧਰੀ (42) ਖ਼ਿਲਾਫ਼ ਵਾਰੰਟ ਜਾਰੀ ਕੀਤੇ ਹਨ।
ਕਿਵੇਂ ਦਿੱਤਾ ਏਨੀ ਵੱਡੀ ਚੋਰੀ ਨੂੰ ਅੰਜਾਮ?
ਜਾਣਕਾਰੀ ਅਨੁਸਾਰ 17 ਅਪ੍ਰੈਲ 2023 ਨੂੰ 6,600 ਸੋਨੇ ਦੀਆਂ ਛੜਾਂ ਅਤੇ 400 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੀ ਕਰੰਸੀ ਨੂੰ 2 ਸਵਿਸ ਬੈਂਕਾਂ ਰਾਇਫਿਸੇਨ ਤੇ ਵਾਲਕੈਂਬੀ ਦੁਆਰਾ ਜ਼ਿਊਰਿਖ ਤੋਂ ਟੋਰਾਂਟੋ ਲਿਜਾਇਆ ਜਾ ਰਿਹਾ ਸੀ। ‘ਬੈਂਕਨੋਟਸ’ ਅਤੇ ‘ਗੋਲਡਬਾਰਜ਼’ ਸ਼ਬਦਾਂ ਵਾਲੇ 2 ਕਾਰਗੋ ਸ਼ਿਪਮੈਂਟ ਜ਼ਿਊਰਿਖ ਤੋਂ ਟੋਰਾਂਟੋ ਲਿਆਂਦੇ ਗਏ ਸਨ। ਇਨ੍ਹਾਂ ਨੂੰ ਟੋਰਾਂਟੋ ਏਅਰਪੋਰਟ ’ਤੇ ਏਅਰ ਕੈਨੇਡਾ ਦੇ ਸਟੋਰੇਜ ਡਿਪੂ ’ਤੇ ਸਟੋਰ ਕੀਤਾ ਗਿਆ ਸੀ।
ਸਵਿਸ ਬੈਂਕਾਂ ਨੇ ਟੋਰਾਂਟੋ ’ਚ ਸ਼ਿਪਮੈਂਟ ਦੇ ਟ੍ਰਾਂਸਫਰ ਦੀ ਸੁਰੱਖਿਆ ਲਈ ਮਿਆਮੀ ਆਧਾਰਿਤ ਸੁਰੱਖਿਆ ਕੰਪਨੀ ਬ੍ਰਿੰਕਸ ਨੂੰ ਕੰਮ ਸੌਂਪਿਆ ਸੀ। ਕਾਰਗੋ ਪਹੁੰਚਣ ਤੋਂ 3 ਘੰਟੇ ਬਾਅਦ ਇੱਕ ਅਣਪਛਾਤੇ ਵਿਅਕਤੀ ਨੇ 2 ਸ਼ਿਪਮੈਂਟਾਂ ’ਤੇ ਦਾਅਵਾ ਕਰਨ ਲਈ ਏਅਰ ਕੈਨੇਡਾ ਦੇ ਸੁਰੱਖਿਆ ਕਰਮਚਾਰੀਆਂ ਨੂੰ ‘ਵੇਅ ਬਿੱਲ’ ਦੀਆਂ ਜਾਅਲੀ ਕਾਪੀਆਂ ਪੇਸ਼ ਕੀਤੀਆਂ। ਇੱਕ ਫੋਰਕਲਿਫਟ ਸੋਨੇ ਤੇ ਵਿਦੇਸ਼ੀ ਕਰੰਸੀ ਨਾਲ ਭਰੇ ਕੰਟੇਨਰ ਦੇ ਨਾਲ ਪੁੱਜੀ ਤੇ ਉਨ੍ਹਾਂ ਨੂੰ ਟਰੱਕ ਵਿੱਚ ਲੱਦ ਦਿੱਤਾ।
ਟਰੱਕ ਦੇ ਜਾਣ ਤੋਂ ਬਾਅਦ ਉਸੇ ਦਿਨ ਰਾਤ 9:30 ਵਜੇ ਜਦੋਂ ਕੈਨੇਡਾ ਵਿੱਚ ਬ੍ਰਿੰਕਸ ਦੇ ਕਰਮਚਾਰੀ ਸ਼ਿਪਮੈਂਟ ਲੈਣ ਲਈ ਏਅਰ ਕੈਨੇਡਾ ਦੇ ਕਾਰਗੋ ਡਿਪੂ ’ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੋਈ ਪਹਿਲਾਂ ਹੀ ਸ਼ਿਪਮੈਂਟ ਲੈ ਗਿਆ ਹੈ। ਬ੍ਰਿੰਕਸ ਨੇ ਕਾਰਗੋ ਨੂੰ ਲਾਪ੍ਰਵਾਹੀ ਨਾਲ ਸੰਭਾਲਣ ਲਈ ਏਅਰ ਕੈਨੇਡਾ ’ਤੇ ਮੁਕੱਦਮਾ ਕਰ ਦਿੱਤਾ।
ਬ੍ਰਿੰਕਸ ਦਾ ਕਹਿਣਾ ਹੈ ਕਿ ਧੋਖਾਧੜੀ ਵਾਲੇ ‘ਵੇਅ ਬਿੱਲ’ ਮਿਲਣ ’ਤੇ ਏਅਰ ਕੈਨੇਡਾ ਦੇ ਕਰਮਚਾਰੀਆਂ ਨੇ ਇਹ ਸ਼ਿਪਮੈਂਟ ਇੱਕ ਅਣਪਛਾਤੇ ਵਿਅਕਤੀ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਉਹ ਸੋਨੇ ਦੀਆਂ ਛੜਾਂ ਲੈ ਕੇ ਫਰਾਰ ਹੋ ਗਿਆ।