ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਐਤਵਾਰ ਨੂੰ ਭੜਕੀ ਹਿੰਸਾ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਸੀਓ ਅਨੁਜ ਚੌਧਰੀ ਅਤੇ ਐਸਪੀ ਦੇ ਪੀਆਰਓ ਦੀ ਲੱਤ ਵਿੱਚ ਗੋਲੀ ਲੱਗੀ ਹੈ। ਐਸਪੀ ਸਮੇਤ 22 ਹੋਰ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।
ਹਿੰਸਾ ਤੋਂ ਬਾਅਦ ਸੰਭਲ ਤਹਿਸੀਲ ‘ਚ 24 ਘੰਟਿਆਂ ਲਈ ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਨਰਸਰੀ ਤੋਂ 12ਵੀਂ ਤੱਕ ਦੇ ਸਾਰੇ ਸਕੂਲ ਅੱਜ ਬੰਦ ਰਹਿਣਗੇ। ਡੀਐਮ ਰਾਜੇਂਦਰ ਪੰਸੀਆ ਨੇ ਸੰਭਲ ਜ਼ਿਲ੍ਹੇ ਵਿੱਚ 1 ਦਸੰਬਰ ਤੱਕ ਬਾਹਰੀ ਲੋਕਾਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾ ਦਿੱਤੀ ਹੈ।
ਪੂਰੇ ਸ਼ਹਿਰ ਵਿੱਚ ਅਣਐਲਾਨੇ ਕਰਫਿਊ ਦਾ ਮਾਹੌਲ ਹੈ। ਐਸਪੀ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਕਿਹਾ, ‘ਗੈਂਗਸਟਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇੱਥੇ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਹੈ। ਹਾਲਾਂਕਿ, ਕਮਿਸ਼ਨਰ ਨੇ ਕਿਹਾ, ‘ਪੁਲਿਸ ਗੋਲੀਬਾਰੀ ਵਿੱਚ ਕੋਈ ਮੌਤ ਨਹੀਂ ਹੋਈ ਹੈ। ਹਮਲਾਵਰਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਨੌਜਵਾਨਾਂ ਦੀ ਜਾਨ ਚਲੀ ਗਈ ਹੈ।
ਸਰਵੇਖਣ ਦੌਰਾਨ ਹਿੰਸਾ ਭੜਕ ਗਈ, ਅਚਾਨਕ ਤਿੰਨ ਹਜ਼ਾਰ ਦੀ ਭੀੜ ਇਕੱਠੀ ਹੋ ਗਈ
ਐਤਵਾਰ ਸਵੇਰੇ 6:30 ਵਜੇ ਡੀਐਮ-ਐਸਪੀ ਦੇ ਨਾਲ ਇੱਕ ਟੀਮ ਜਾਮਾ ਮਸਜਿਦ ਦਾ ਸਰਵੇਖਣ ਕਰਨ ਪਹੁੰਚੀ ਸੀ। ਟੀਮ ਨੂੰ ਦੇਖ ਕੇ ਮੁਸਲਿਮ ਭਾਈਚਾਰੇ ਦੇ ਲੋਕ ਗੁੱਸੇ ‘ਚ ਆ ਗਏ। ਥੋੜ੍ਹੇ ਸਮੇਂ ਵਿੱਚ ਹੀ ਜਾਮਾ ਮਸਜਿਦ ਦੇ ਬਾਹਰ ਦੋ ਤੋਂ ਤਿੰਨ ਹਜ਼ਾਰ ਲੋਕ ਪਹੁੰਚ ਗਏ। ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ‘ਚ ਮੌਜੂਦ ਕੁਝ ਲੋਕਾਂ ਨੇ ਪਥਰਾਅ ਕੀਤਾ।
ਇਸ ਤੋਂ ਬਾਅਦ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਛੱਤਾਂ ਤੋਂ ਵੀ ਪਥਰਾਅ ਸ਼ੁਰੂ ਹੋ ਗਿਆ, ਪੁਲਿਸ ਨੂੰ ਭੱਜਣਾ ਪਿਆ। ਹੰਗਾਮਾ ਇੰਨਾ ਵੱਧ ਗਿਆ ਕਿ ਪੁਲਿਸ ਨੇ ਪਹਿਲਾਂ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਫਿਰ ਲਾਠੀਚਾਰਜ ਕਰਕੇ ਭੀੜ ਨੂੰ ਖਦੇੜ ਦਿੱਤਾ।